Baba Hathiram
Sant Prem Singh
Baba Lakhi Shah
Sham S Muchhaal
Pradeep Manawat
Sandeep Rathod
Main News Page (1)
Jhalkari Bai
DrSuryaDhanavath
Introduction
Freedom Fighter
Guest Book
Mein Bhi Kaain Kehno Chha
Goaar Darpan
Goaar Forum
What Do You Think?
Special Mail
Gor History
Dr. Tanaji Rathod
Pradeep Ramavath-1
Goaar Goshti
Religious Persons
Political Persons
Social Reformers
Organisations
Goaar Chetna
Goaar Ratan
Gypsy-Banjara
Sportsmen
Goaar History
Goaar Writers
Attn: Researchers
About Us
 

ਸੰਤ ਬਾਬਾ ਪੇ੍ਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਜੀਵਨ ਅਤੇ ਸੰਘਰਸ਼ ਦਾ ਵੇਰਵਾ

ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਜਿਨ੍ਹਾਂ ਦਾ ਜਨਮ ਪਿੰਡ ਖੋੜੀ ਦੂਨਾ ਸਿੰਘ ਜ਼ਿਲਾ ਗੁਜਰਾਤ (ਹੁਣ ਪਾਕਿਸਤਾਨ) ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸ. ਵਸਾਵਾ ਸਿੰਘ ਅਤੇ ਮਾਤਾ ਦਾ ਨਾਮ ਨਿਹਾਲ ਕੌਰ ਸੀ।
ਸੰਨ ੧੮੮੨ ਈ. ਨੂੰ ਮਾਤਾ ਪਿਤਾ ਦੀ ਗੋਦ ਨੂੰ ਭਾਗ ਲਾਏ। ਇਤਿਹਾਸ ਮੁਤਾਬਕ ਅਜੇ ਆਪ ਛੋਟੇ ਹੀ ਸਨ ਕਿ ਉਨ੍ਹਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ। ਪਿਤਾ ਜੀ ਨੇ ਇਹ ਸੋਚ ਕੇ ਦੂਜਾ ਵਿਆਹ ਕਰਵਾ ਲਿਆ ਕਿ ਛੋਟਾ ਬੱਚਾ ਮਾਂ ਤੋਂ ਬਗੈਰ ਪਲ ਨਹੀਂ ਸਕੇਗਾ ਪਰ ਦੂਜੀ ਪਤਨੀ ਬੱਚੇ ਲਈ ਮਾਂ ਦਾ ਰੋਲ ਕਰੇ ਇਹ ਕੋਈ ਜਰੂਰੀ ਨਹੀਂ ਕਿਹਾ ਜਾ ਸਕਦਾ।
ਬਾਬਾ ਪ੍ਰੇਮ ਸਿੰਘ ਜੀ ਨਾਲ ਵੀ ਕੁਝ ਅਜਿਹਾ ਹੀ ਹੋਇਆ, ਉਨ੍ਹਾ ਦੀ ਮਤਰੇਈ ਮਾਤਾ ਨੇ ਉਨ੍ਹਾਂ ਨੂੰ ਉਹ ਪਿਆਰ ਨਹੀਂ ਦਿੱਤਾ ਜੋ ਸੱਕੀ ਮਾਂ ਕਰ ਸਕਦੀ ਸੀ।
ਬੱਚੇ ਲਈ ਰੱਬ ਤੋਂ ਬਾਦ ਮਾਂ ਹੁੰਦੀ ਹੈ, ਪਰ ਜੇਕਰ ਮਾਂ ਨਾ ਹੋਵੇ ਤਾਂ ਬੱਚਾ ਰੱਬ ਉਤੇ ਯਕੀਨ ਕਰਨ ਲੱਗ ਜਾਂਦਾ ਹੈ। ਬਾਬਾ ਪ੍ਰੇਮ ਸਿੰਘ ਜੀ ਆਪਣੇ ਦਾਦਾ ਅਰੂੜ ਸਿੰਘ ਦੇ ਹੱਥਾਂ ਵਿਚ ਪਲੇ ਵਧੇ, ਬੜੀ ਲਗਨ ਨਾਲ ਆਪ ਸਕੂਲ ਜਾਂਦੇ ਅਤੇ ਫਿਰ ਘਰ ਦੇ ਕੰਮ ਕਾਰ ਵੀ ਹੱਥੀਂ ਆਪ ਕਰਦੇ। ਆਪ ਜੀ ਦੀ ਉਮਰ ੧੫ ਸਾਲ ਦੀ ਹੋਈ ਤੇ ਦਾਦਾ ਅਰੂੜ ਸਿੰਘ ਜੀ ਵੀ ਚੱਲ ਵਸੇ। ਦਾਦਾ ਜੀ ਦੀ ਮੌਤ ਤੋਂ ਬਾਦ ਆਪ ਹੋਰ ਵੀ ਜ਼ਿਆਦਾ ਰੁਚੀ ਨਾਲ ਰੱਬ ਦੀ ਬੰਦਗੀ ਵੱਲ ਧਿਆਨ ਦੇਣ ਲੱਗੇ।
ਇਨ੍ਹਾਂ ਦੇ ਪਿੰਡ ਵਿਚ ਇੱਕ ਰਾਮ ਸਿੰਘ ਨਾਮ ਦਾ ਆਦਮੀ ਸਾਇਕਲ ਤੇ ਕੱਪੜੇ ਵੇਚਣ ਲਈ ਆਉਂਦਾ ਸੀ। ਇੱਕ ਦਿਨ ਉਹ ਆਪ ਜੀ ਨੂੰ ਆਪਣੇ ਨਾਲ ਲੈ ਗਿਆ ਤੇ ਆਪ ਜੀ ਉਸ ਦੇ ਨਾਲ ਬਾਬਾ ਬਿਸ਼ਨ ਸਿੰਘ ਦੇ ਡੇਰੇ ਮੁਰਾਲੇ ਵਿਖੇ ਪੁੱਜੇ ਜਿਥੇ ਉਨ੍ਹਾਂ ਦੇ ਮਨ ਨੂੰ ਸ਼ਾਂਤੀ ਮਿਲੀ, ਅਤੇ ਆਪ ਸਦਾ ਵਾਸਤੇ ਫਿਰ ਉਥੇ ਹੀ ਟਿਕ ਗਏ, ਜਿਥੇ ਆਪ ਜੀ ਨੇ ਗੁਰਬਾਣੀ ਪੜ੍ਹਨੀ ਸਿੱਖੀ ਅਤੇ ਲਗਨ ਨਾਲ ਸੇਵਾ ਕਰਦੇ। ਲੰਗਰ ਦੇ ਪ੍ਰਸ਼ਾਦੇ ਤਿਆਰ ਕਰਨ ਲਈ ਆਪ ਆਪਣੇ ਹੱਥੀਂ ਚੱਕੀ ਪੀਸਦੇ।
ਜਦੋਂ ਵੀ ਟਾਇਮ ਲੱਗਦਾ ਆਪ ਇਕਾਂਤ ਕਮਰੇ ਵਿਚ ਬੈਠ ਕੇ ਗੁਰਬਾਣੀ ਨੂੰ ਹਿਰਦੇ ਵਿਚ ਵਸਾ ਕੇ ਪ੍ਰਮਾਤਮਾ ਦੀ ਬੰਦਗੀ ਵਿਚ ਲੀਨ ਹੋ ਜਾਂਦੇ। ਇਸ ਤੋਂ ਬਾਦ ਬਾਬਾ ਜੀ ਬੰਦਗੀ ਸਿਮਰਨ ਕਰਦੇ ਰਹੇ ਅਤੇ ਸੇਵਾ ਵਿਚ ਵੀ ਹੱਥ ਵਟਾਉਂਦੇ ਰਹੇ।

ਆਪ ਦੀ ਸੇਵਾ ਤੋਂ ਖੁਸ਼ ਹੋ ਕੇ ਸੰਤ ਬਾਬਾ ਬਿਸ਼ਨ ਸਿੰਘ ਜੀ ਨੇ ਡੇਰਾ ਮੁਰਾਲਾ ਦੀ ਸੇਵਾ ਸੰਭਾਲ ਆਪ ਜੀ ਨੂੰ ਸੋਂਪ ਦਿੱਤੀ। ਸੰਨ ੧੯੦੭ ਵਿਚ ਡੇਰੇ ਦੀ ਸੇਵਾ ਮਿਲਣ ਤੋਂ ਬਾਦ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਨਾਮ ਨਾਲ ਜਾਣੇ ਜਾਣ ਲੱਗੇ।
ਆਪ ਜੀ ਨੇ ਸਮਾਜ ਸੁਧਾਰ ਲਹਿਰ ਚਲਾਈ ਜਿਸ ਦੇ ਤਹਿਤ ਆਪ ਪਿੰਡ ਪਿੰਡ ਵਿਚ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਦੁਸ਼ਪ੍ਰਭਾਵ ਦੱਸ ਕੇ ਨਸ਼ਿਆਂ ਤੋਂ ਹਟਾਉਂਦੇ ਅਤੇ ਅੰਮ੍ਰਿਤ ਦਾ ਬਾਟਾ ਤਿਆਰ ਕਰਵਾ ਕੇ ਅੰਮ੍ਰਿਤ ਛਕਾ ਕੇ ਸਿੰਘ ਸਜਾਉਂਦੇ।
ਸੰਨ ੧੯੧੧-੧੨ ਵਿੱਚ ਆਪਣੇ ਪਿੰਡ ਖੋੜੀ ਦੂਨਾ ਸਿੰਘ ਵਿਖੇ ਵੀ ਅੰਮ੍ਰਿਤ ਸੰਚਾਰ ਕਰਵਾਇਆ। ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਜਿਹੜੇ ਵੀ ਪਿੰਡ ਜਾਂਦੇ ਲੋਕ ਆਪ ਜੀ ਨੂੰ ਹੱਥੀਂ ਛਾਵਾਂ ਕਰਨ ਲੱਗ ਜਾਂਦੇ।
ਉਸ ਵੇਲੇ ਪਿੰਡਾਂ ਦੀਆਂ ਔਰਤਾਂ ਜਿਆਦਾਤਾਰ ਘੱਗਰੇ ਪਹਿਨਦੀਆਂ ਸਨ ਤੇ ਮਰਦ ਲੋਕ ਹੁੱਕਾ ਪੀਣ ਦੇ ਸ਼ੌਕੀਨ ਸਨ। ਮਹਾਪੁਰਸ਼ਾਂ ਨੇ ਜਿਥੇ ਔਰਤਾਂ ਨੂੰ ਸੂਟ ਸਲਵਾਰ ਪਾਉਣ ਦੀ ਹਦਾਇਤ ਕੀਤੀ, ਉਥੇ ਮਰਦਾਂ ਨੂੰ ਨਸ਼ਾਖੋਰੀ ਛੱਡ ਕੇ ਗੁਰਮਤਿ ਨਾਲ ਜੁੜਣ ਲਈ ਪ੍ਰੇਰਿਆ।
ਬਾਬਾ ਜੀ ਬਹੁਤ ਹੀ ਦੂਰ ਅੰਦੇਸ਼ੀ ਦੇ ਮਾਲਕ ਸਨ।
ਮਹਾਪੁਰਸ਼ਾਂ ਨੇ ਵੇਖਿਆ ਕਿ ਉਸ ਇਲਾਕੇ ਦੇ ਲੋਕ ਬਹੁਤ ਜ਼ਿਆਦਾ ਅਨਪੜ੍ਹ ਸਨ ਤੇ ਅਨਪੜ੍ਹਤਾ ਕਾਰਨ ਤਰੱਕੀ ਨਹੀਂ ਸੀ ਕਰ ਸਕਦੇ। ਬਾਬਾ ਜੀ ਨੇ ਵੱਖ ਵੱਖ ਜਗ੍ਹਾ ਤੇ ਚਾਰ ਸਕੂਲਾਂ ਦਾ ਨਿਰਮਾਣ ਕੀਤਾ ਜਿਨ੍ਹਾਂ ਦਾ ਮਕਸਦ ਲੋਕਾਂ ਨੂੰ ਪੜ੍ਹਾਈ ਲਿਖਾਈ ਕਰਵਾਉਣਾ ਸੀ। ਉਨਾਂ ਸਕੂਲਾਂ ਵਿਚ ਪੜ੍ਹ ਕੇ ਉਹ ਬੱਚੇ ਅੱਗੇ ਜਾ ਕੇ ਕਰਨਲ ਜਨਰਲ ਦੇ ਅਹੁਦਿਆਂ ਤੱਕ ਪੁੱਜੇ।
ਬਾਬਾ ਜੀ ਨੇ ਲੋਕਾਂ ਨੂੰ ਸ਼ਾਦੀ ਵਿਆਹਾਂ ਵਿਚ ਸਾਦਗੀ ਵਰਤਣ ਲਈ ਵੀ ਪ੍ਰੇਰਿਆ ਤੇ ਦਾਜ ਦਹੇਜ ਦੀ ਲਾਹਨਤ ਨੂੰ ਵੀ ਰੋਕਿਆ। ਉਸ ਵੇਲੇ ਬਰਾਤਾਂ ਚਾਰ ਚਾਰ ਦਿਨ ਲੜਕੀ ਵਾਲਿਆਂ ਦੇ ਘਰ ਰਹਿੰਦੀਆਂ ਸਨ। ਮਹਾਪੁਰਸ਼ਾਂ ਨੇ ਇੱਕ ਦਿਨ ਵਿਚ ਹੀ ਵਿਆਹ ਸੰਪੰਨ ਕਰਨ ਦੀ ਪ੍ਰੰਪਰਾ ਚਲਾਈ ਤੇ ਵਿਆਹ ਵਿਚ ਬਰਾਤ ਵੀ ਘੱਟ ਲੈ ਕੇ ਜਾਣ ਲਈ ਪ੍ਰੇਰਿਆ।


ਸਮਾਜਿਕ ਲਹਿਰ "ਗੋਰ ਸਿਕਵਾੜੀ" ਵੱਲੋਂ ਪੰਜਾਬ ਵਿੱਚ 2016 ਦੇ ਅਪ੍ਰੈਲ ਮਹੀਨੇ ਤੋਂ ਲੈ ਕੇ ਜੂਨ ਦੇ ਅਖੀਰ ਤੱਕ ਚਲਾਈ ਗਈ ਸਮਾਜ ਚੇਤਨਾ ਮੁਹਿੰਮ ਤਹਿਤ ਹੋਈਆਂ ਮੀਟਿੰਗਾਂ ਦੌਰਾਨ ਹਿੱਸਾ ਲੈਂਦੇ ਹੋਏ ਇਸ ਲੇਖ ਦੇ ਲੇਖਕ ਸਰਬਜੀਤ ਸਿੰਘ ਮੁਕੇਰੀਆਂ, ਐਸ. ਪੀ. ਸਿੰਘ ਲੁਬਾਣਾ ਅਤੇ ਗੋਰ ਸਿਕਵਾੜੀ ਦੇ ਫੁੱਲ ਟਾਈਮ ਪ੍ਰਚਾਰਕ ਅਰੁਣ ਦਿਗਾਂਬਰ ਚਵਾਨ।

੪੭ ਦੀ ਵੰਡ ਤੋਂ ਪਹਿਲਾਂ ਵੀ ਆਪ ਇਧਰਲੇ ਪੰਜਾਬ ਵਾਲੇ ਪਾਸੇ ਪ੍ਰਚਾਰ ਲਈ ਆਉਂਦੇ ਰਹੇ। ਆਪ ਜੀ ਨੇ ਸ੍ਰੀ ਹਰਮੰਦਿਰ ਸਾਹਿਬ ਦੀ ਕਾਰ ਸੇਵਾ ਵੀ ਕਰਵਾਈ, ਜਿਸ ਦਾ ਸਬੂਤ ਅੱਜ ਵੀ ਸ੍ਰੀ ਹਰਮੰਦਿਰ ਸਾਹਿਬ ਦੇ ਬਾਹਰ ਲੱਗੇ ਪੱਥਰ ਤੇ ਮੌਜੂਦ ਹੈ, ਜਿਥੇ ਲਿਖਿਆ ਹੋਇਆ ਹੈ ਕਿ ਇਸ ਪਾਸੇ ਦੀ ਕਾਰ ਸੇਵਾ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਨੇ ਕਰਵਾਈ। ਸੰਨ ੧੯੨੧ ਵਿਚ ਆਪ ਜੀ ਨੇ ਸ੍ਰੀ ਨਣਕਾਣਾ ਸਾਹਿਬ ਵਿਖੇ ਵੀ ਸਿੱਖੀ ਬੁੰਗਾ ਬਣਵਾਇਆ। ਸੰਨ ੧੯੨੬ ਤੋਂ ੧੯੫੦ ਤੱਕ ਆਪ ਜੀ ਸ੍ਰੌਮਣੀ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਬਣੇ ਰਹੇ। ਸੰਨ ੧੯੩੭ ਤੇ ਫਿਰ ਸੰਨ ੧੯੪੬ ਵਿਚ ਆਪ ਦੋ ਵਾਰ ਜ਼ਿਲਾ ਗੁਜਰਾਤ ਤੋਂ ਐਮ. ਐਲ. ਏ. ਵੀ ਚੁਣੇ ਗਏ। ਉਸ ਵੇਲੇ ਜਿਥੇ ਲੋਕਾਂ ਨੇ ਆਪ ਜੀ ਨੂੰ ਆਪਣੀਆ ਵੋਟਾਂ ਪਾਈਆਂ ਉਸ ਦੇ ਨਾਲ ਉਨੇ ਹੀ ਨੋਟ ਵੀ ਵੋਟ ਦੇ ਨਾਲ ਜੋੜ ਕੇ ਪਾਏ ਗਏ, ਜੋ ਕਿ ਉਸ ਵੇਲੇ ਇੱਕ ਵਿਸ਼ੇਸ਼ ਰਿਕਾਰਡ ਬਣਿਆ। ਆਪ ਜੀ ਸਿੱਖੀ ਪ੍ਰਚਾਰ ਲਈ ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਪੀਲੀਭੀਤ, ਸ੍ਰੀ ਹਜੂਰ ਸਾਹਿਬ ਤੱਕ ਪੁੱਜੇ। ਜਿਥੇ ਆਪ ਜੀ ਨੇ ਜਾਤ-ਬਰਾਦਰੀ ਤੋੜੂ ਮਤਾ ਪਾਸ ਕੀਤਾ ਅਤੇ ਵੱਖ ਵੱਖ ਬਰਾਦਰੀਆਂ ਨੂੰ ਅੰਮ੍ਰਿਤ ਛਕਾ ਕੇ ਗੁਰਸਿੱਖ ਬਣਾਇਆ।
ਆਪ ਜੀ ਨੇ ਸਮਾਜ ਵਿਹਾਰ ਸੁਧਾਰ ਲਹਿਰ ਚਲਾ ਕੇ ਲੋਕਾਂ ਨੂੰ ਕੁਰੀਤੀਆ ਤੋਂ ਹਟਾ ਕੇ ਸੁਚੱਜੇ ਇਨਸਾਨ ਬਣਾਉਣ ਲਈ ਸਖਤ ਮਿਹਨਤ ਕੀਤੀ।


"ਗੋਰ ਸਿਕਵਾੜੀ" ਦੀ ਸਮਾਜ ਚੇਤਨਾ ਮੁਹਿੰਮ ਤਹਿਤ ਹੋਈ ਇਕ ਮੀਟਿੰਗ ਦੌਰਾਨ ਅਰੁਣ ਦਿਗਾਂਬਰ ਚਵਾਨ ਦੇ ਵਿਚਾਰ ਸੁਣਦੇ ਹੋਏ ਸਰਬਜੀਤ ਸਿੰਘ ਮੁਕੇਰੀਆਂ, ਐਸ. ਪੀ. ਸਿੰਘ ਲੁਬਾਣਾ ਅਤੇ ਹੋਰ।

ਸੰਨ ੧੯੪੭ ਦੀ ਦੇਸ਼ ਵੰਡ ਤੋਂ ਬਾਦ ਆਪ ਜੀ ਕਪੂਰਥਲਾ ਜਿਲੇ ਵਿਚ ਪੈਂਦੇ ਬੇਗੋਵਾਲ ਪਿੰਡ ਵਿਚ ਆ ਗਏ। ਇੱਧਰ ਆ ਕੇ ਵੀ ਆਪ ਜੀ ਨੇ ਲੋਕਾਂ ਦੀ ਬਹੁਤ ਜਿਆਦਾ ਮਦਦ ਕੀਤੀ। ਹਰ ਦੁੱਖ ਸੁੱਖ ਵਿਚ ਆਪ ਲੋਕਾਂ ਦੇ ਨਾਲ ਖੜੇ ਹੁੰਦੇ ਤੇ ਅਖੀਰ ਤੱਕ ਲੋਕਾਂ ਦੀ ਸਹਾਇਤਾ ਕਰਦੇ ਰਹੇ।
੨ ਜੂਨ ਸੰਨ ੧੯੫੦ ਵਿਚ ਆਪ ਜੀ ਨੇ ਬੇਗੋਵਾਲ ਦੀ ਧਰਤੀ ਤੇ ਆਖਰੀ ਸਵਾਸ ਲਿਆ ਤੇ ਦੁਨਿਆਵੀ ਸਫਰ ਪੂਰਾ ਕਰਦੇ ਹੋਏ ਸਰੀਰਕ ਰੂਪ ਵਿਚ ਵਿਛੋੜਾ ਦੇ ਗਏ।
੧-੨ ਤੇ ੩ ਜੂਨ ਨੂੰ ਬੇਗੋਵਾਲ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਯਾਦ ਵਿੱਚ ਵੱਡੇ ਪੱਧਰ ਉਤੇ ਬਰਸੀ ਮਨਾਈ ਜਾਣ ਲੱਗ ਪਈ। ਜਿਥੇ ੨ ਅਤੇ ੩ ਜੂਨ ਨੂੰ ਭਾਰੀ ਜੋੜ ਮੇਲਾ ਲੱਗਣ ਲੱਗਾ। ੨ ਜੂਨ ਦੀ ਰਾਤ ਨੂੰ ਕਵੀ ਦਰਬਾਰ ਲਗਾਇਆ ਜਾਂਦਾ ਅਤੇ ੩ ਜੂਨ ਨੂੰ ਭਾਰੀ ਕੀਰਤਨ ਦਰਬਾਰ ਹੁੰਦਾ ਹੈ, ਪ੍ਰਸਿੱਧ ਰਾਗੀ ਢਾਡੀ, ਕਥਾ ਕੀਰਤਨੀ ਜੱਥੇ ਪੁੱਜਦੇ ਅਤੇ ਨਾਲ ਹੀ ਰਾਜਸੀ, ਧਾਰਮਿਕ ਲੀਡਰ ਵੀ ਮਹਾਪੁਰਸ਼ਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਪੁੱਜਦੇ ਹਨ।
ਸੰਨ ੧੯੯੦ ਤੋਂ ਬਾਦ ਲੁਬਾਣਾ ਬਰਾਦਰੀ ਦੇ ਲੋਕ ਦੇਸ਼ਾਂ ਵਿਦੇਸ਼ਾਂ ਵਿਚ ਪੁੱਜਣੇ ਸ਼ੁਰੂ ਹੋ ਗਏ ਤੇ ਫਿਰ ਮਹਾਪੁਰਸ਼ਾਂ ਦੀ ਬਰਸੀ ਵਿਦੇਸ਼ਾਂ ਵਿਚ ਵੀ ਮਨਾਈ ਜਾਣ ਲੱਗ ਪਈ।
ਅਮਰੀਕਾ, ਕੈਨੇਡਾ, ਇਟਲੀ, ਫਰਾਂਸ, ਇੰਗਲੈਂਡ, ਆਸਟਰੀਆ, ਜਰਮਨੀ, ਆਸਟਰੇਲੀਆ, ਸਵਿਟਜ਼ਰਲੈਂਡ ਅਤੇ ਹੋਰ ਬਹੁਤ ਸਾਰੇ ਮੁਲਕਾਂ ਵਿਚ ਮਹਾਪੁਰਸ਼ਾਂ ਦੀ ਬਰਸੀ ਹਰ ਸਾਲ ਜੂਨ ਮਹੀਨੇ ਮਨਾਈ ਜਾਣ ਲੱਗ ਪਈ। ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਹਰ ਸਾਲ ਜੂਨ ਮਹੀਨੇ ਵਿਚ ਵਿਸ਼ਾਲ ਪੰਡਾਲ ਲਗਾਏ ਜਾਂਦੇ ਹਨ ਤੇ ੫੦ ਹਜਾਰ ਦੇ ਕਰੀਬ ਸੰਗਤਾਂ ਦਾ ਇਕੱਠ ਪੁੱਜਦਾ ਹੈ।
ਹੁਣ ਦੁਨੀਆ ਦਾ ਕੋਈ ਮੁਲਕ ਅਜਿਹਾ ਨਹੀਂ ਹੋਣਾ ਜਿਸ ਦੇ ਵਿਚ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ ਸੰਬੰਧੀ ਗੁਰਮਤਿ ਸਮਾਗਮ ਨਾ ਕਰਵਾਏ ਜਾਂਦੇ ਹੋਣ। ਮਹਾਪੁਰਸ਼ਾਂ ਵਲੋਂ ਕੀਤੇ ਗਏ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਤੇ ਉਨ੍ਹਾਂ ਵਲੋਂ ਚਲਾਈ ਹੋਈ ਮਰਿਯਾਦਾ ਬਾਰੇ ਵੀ ਗੱਲ ਕੀਤੀ ਜਾਂਦੀ ਹੈ।


ਗੋਰ ਸਿਕਵਾੜੀ ਵੱਲੋਂ ਪੰਜਾਬ ਵਿੱਚ 2016 ਦੇ ਅਪ੍ਰੈਲ ਮਹੀਨੇ ਤੋਂ ਲੈ ਕੇ ਜੂਨ ਦੇ ਅਖੀਰ ਤੱਕ ਚਲਾਈ ਗਈ ਸਮਾਜ ਚੇਤਨਾ ਮੁਹਿੰਮ ਤਹਿਤ ਹੋਈਆਂ ਮੀਟਿੰਗਾਂ ਦੌਰਾਨ ਹਿੱਸਾ ਲੈਂਦੇ ਹੋਏ ਗੋਰ ਸਿਕਵਾੜੀ ਦੇ ਫੁੱਲ ਟਾਈਮ ਪ੍ਰਚਾਰਕ ਅਰੁਣ ਦਿਗਾਂਬਰ ਚਵਾਨ, ਮਾਸਿਕ ਮੈਗਜ਼ੀਨ "ਤੀਸਰੀ ਅੱਖ" ਦੇ ਸੰਪਾਦਕ ਹਰਪ੍ਰੀਤਪਾਲ ਸਿੰਘ ਮੁਲਤਾਨੀ ਅਤੇ ਆਨਲਾਈਨ ਮੈਗਜ਼ੀਨ ਬੰਜਾਰਾ ਟਾਈਮਜ਼ ਡਾਟ ਕਾਮ ਦੇ ਸੰਪਾਦਕ ਕਮਲ ਧਰਮਸੋਤ।

ਇਸ ਸਾਲ ਵੀ ਮਹਾਂਪੁਰਸ਼ਾਂ ਦੀ ੬੭ਵੀਂ ਬਰਸੀ ਮਨਾਈ ਜਾ ਰਹੀ ਹੈ,ਹਰ ਸਾਲ ਵਾਂਗ ਇਸ ਵਾਰ ਵੀ ਭਾਰੀ ਜੋੜ ਮੇਲੇ ਲੱਗਣੇ ਹਨ।
ਪਰ ਇੱਕ ਗੱਲ ਜੋ ਕਿ ਸਭ ਤੋਂ ਜ਼ਿਆਦਾ ਵਿਚਾਰਨ ਵਾਲੀ ਹੈ ਕਿ ਹਰ ਸਾਲ ਮਹਾਪੁਰਸ਼ਾਂ ਦੀ ਬਰਸੀ ਮੌਕੇ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਵਿਚ ਅਸੀਂ ਉਨ੍ਹਾਂ ਦੀ ਕਿੰਨੀ ਕੁ ਗੱਲ ਮੰਨਦੇ ਆ ਰਹੇ ਹਾਂ?
ਬੇਗੋਵਾਲ ਜੋ ਕਿ ਮਹਾਪੁਰਸ਼ਾਂ ਦਾ ਸਥਾਨ ਹੈ, ਉਸ ਜਗ੍ਹਾ ਹੋਣ ਵਾਲੇ ਬਰਸੀ ਸਮਾਗਮ ਨੂੰ ਅਸੀਂ ਸਿਰਫ ਇੱਕ ਮੇਲਾ ਹੀ ਸਮਝ ਲਿਆ ਹੈ ਜਿਥੇ ਕਿ ਇਲਾਕੇ ਦੇ ਲੋਕ ਉਸ ਮੇਲੇ ਵਿਚ ਲੱਗਣ ਵਾਲੇ ਵੱਖ ਵੱਖ ਝੂਲਿਆਂ ਤੇ ਝੂਟੇ ਲੈਣੇ, ਗੋਲ-ਗੱਪੇ ਖਾਣੇ ਤੇ ਭੀੜ ਵਿਚ ਘੁੰਮ ਫਿਰ ਲੈਣ ਨੂੰ ਹੀ ਬਰਸੀ ਮਨਾ ਲੈਣਾ ਸਮਝ ਲੈਂਦੇ ਹਨ।
ਪਿੱਛੇ ਜਿਹੇ ਤਾਂ ਉਸ ਮੇਲੇ ਵਿਚ ਡੀ ਜੇ ਵਾਲਿਆਂ ਦੇ ਗਰੁੱਪ ਵੀ ਲੱਗਣੇ ਸ਼ੁਰੂ ਹੋ ਗਏ ਸਨ। ਪਰ ਹੁਣ ਉਨ੍ਹਾ ਨੂੰ ਬੰਦ ਕਰ ਦਿੱਤਾ ਗਿਆ ਹੈ, ਕਵੀ ਦਰਬਾਰ , ਕੀਰਤਨ ਦਰਬਾਰ ਵਿਚ ਸੰਗਤ ਵੱਡੀ ਗਿਣਤੀ ਵਿਚ ਪੁੱਜਦੀ ਹੈ,ਪ੍ਰਚਾਰਕ ਵੀ ਪੁੱਜਦੇ ਹਨ ਤੇ ਲੀਡਰ ਵੀ,
ਪਰ ਕੀ ਅਸੀਂ ਮਹਾਪੁਰਸ਼ਾਂ ਦੇ ਏਨੇ ਸਾਲ ਬੀਤ ਜਾਣ ਤੋਂ ਬਾਦ ਵੀ ਕੋਈ ਅਜਿਹਾ ਮਿਸ਼ਨ ਪੈਦਾ ਕਰ ਸਕੇ ਹਾਂ ਜੋ ਕਿ ਮਹਾਪੁਰਸ਼ਾਂ ਦੀ ਸੌਚ ਨੂੰ ਅਗੇ ਲਿਜਾ ਸਕੇ?
ਗੱਲੀਂ ਬਾਤੀਂ ਲੀਡਰ ਅਤੇ ਪ੍ਰਚਾਰਕ ਮਹਾਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਜ਼ਰੂਰ ਕਰ ਜਾਂਦੇ ਹਨ ਪਰ ਉਨ੍ਹਾਂ ਦੀ ਸੋਚ ਨੂੰ ਅੱਗੇ ਲਿਜਾਉਣ ਲਈ ਕੀ ਅਸੀਂ ਕੁਝ ਕਰ ਰਹੇ ਹਾਂ?
ਬਰਸੀਆ ਮਨਾ ਲੈਣੀਆਂ, ਲੰਗਰ ਲਗਾ ਲੈਣੇ , ਬਹੁਤ ਵੱਡੀ ਗੱਲ ਹੈ, ਉਨ੍ਹਾਂ ਦੀ ਯਾਦ ਵਿਚ ਸੇਵਾ ਵਿਚ ਖਰਚਾ ਕਰਨਾ ਵੀ ਕੋਈ ਛੋਟੀ ਗੱਲ ਨਹੀਂ, ਪਰ ਉਨ੍ਹਾਂ ਦੀ ਸੋਚ ਤੇ ਪਹਿਰਾ ਕੋਣ ਦੇਵੇਗਾ?
ਬਾਬਾ ਜੀ ਨੇ ਦਾਜ ਦਹੇਜ ਤੋਂ ਲੋਕਾਂ ਨੂੰ ਰੋਕਿਆ, ਬਰਾਤਾਂ ਵਿਚ ਘੱਟ ਬਰਾਤ ਲੈ ਕੇ ਜਾਣ ਨੂੰ ਕਿਹਾ।


ਬੇਗੋਵਾਲ ਵਿਖੇ ਉੱਘੇ ਹਿਸਟੋਰੀਅਨ ਅਤੇ ਲੇਖਕ ਡਾ. ਜਸਵੰਤ ਸਿੰਘ ਬੇਗੋਵਾਲ ਦੇ ਨਿਵਾਸ ਵਿਖੇ ਸਮਾਜਿਕ ਲਹਿਰ "ਗੋਰ ਸਿਕਵਾੜੀ" ਵੱਲੋਂ ਸਮਾਜ ਚੇਤਨਾ ਮੁਹਿੰਮ ਤਹਿਤ ਹੋਈ ਮੀਟਿੰਗ ਵਿੱਚ ਡਾ. ਜਸਵੰਤ ਸਿੰਘ ਬੇਗੋਵਾਲ, ਕਮਲ ਧਰਮਸੋਤ ਅਤੇ ਲੁਬਾਣਾ ਭਾਈਚਾਰੇ ਦੇ ਹੋਰ ਆਗੂ।

ਕੀ ਅਸੀਂ ਇਸ ਗੱਲ ਨੂੰ ਮੰਨ ਰਹੇ ਹਾਂ? ਜੇਕਰ ਵੇਖਿਆ ਜਾਵੇ ਤੇ ਖਾਸ ਕਰਕੇ ਲੁਬਾਣਾ ਬਰਾਦਰੀ ਦੇ ਵਿਚ ਦਾਜ ਲੈਣਾ ਅਤੇ ਦੇਣਾ ਸਭ ਤੋਂ ਨੰਬਰ ਵੰਨ ਤੇ ਜਾ ਰਿਹਾ ਹੈ।
ਲੜਕੀ ਵਾਲੇ ਆਪ ਖੁਦ ਇਹ ਗੱਲ ਕਹਿੰਦੇ ਸੁਣੇ ਜਾਂਦੇ ਹਨ ਕਿ ਇੱਕੋ ਇੱਕ ਤਾਂ ਸਾਡੀ ਕੁੜੀ ਹੈ, ਇਸ ਕਰਕੇ ਦਾਜ ਦੇਣਾ ਚਾਹੀਦਾ ਹੈ। ਲੜਕੇ ਨੂੰ ਜਿਥੇ ਸੋਨੇ ਦਾ ਕੜਾ, ਬਰੇਸਲੈੱਟ, ਮੁੰਦਰੀ, ਕੀਮਤੀ ਕਾਰ, ਮੋਟਰ ਸਾਇਕਲ ਦਿੱਤੀ ਜਾ ਰਹੀ ਹੈ, ਉਥੇ ਹੀ ਲੜਕੇ ਦੇ ਮਾਂ-ਬਾਪ, ਭੈਣ-ਭਰਾ, ਭਰਜਾਈਆਂ, ਮਾਮੇ-ਮਾਸੀਆਂ, ਭੂਆ, ਫੂੱਫੜ, ਚਾਚੇ ਤਾਏ ਅਤੇ ਚਾਚੀਆ ਤਾਈਆਂ ਨੂੰ ਵੀ ਸੋਨੇ ਨਾਲ ਤੋਲਿਆ ਜਾ ਰਿਹਾ ਹੈ।
ਦਾਜ ਦੇਣ ਵਿਚ ਕੋਈ ਬੁਰਾਈ ਨਹੀਂ ਪਰ ਜੇਕਰ ਦਾਜ ਗੁਣਾਂ ਦਾ ਦਿੱਤਾ ਜਾਵੇ। ਵਿਦਿਆ ਦਾ ਦਾਜ ਦਿੱਤਾ ਜਾਵੇ। ਫਿਰ ਬਰਾਤ ਵਿਚ ੧੦੦ ਤੋਂ ਲੈ ਕੇ ੫੦੦ ਬੰਦਿਆਂ ਦੀ ਬਰਾਤ ਜਾ ਰਹੀ ਹੈ। ਪੈਲੇਸ ਕਲਚਰ ਨੇ ਖਰਚਾ ਬਹੁਤ ਵਧਾ ਦਿੱਤਾ ਹੈ। ੨੦-੨੦ ਲੱਖ ਰੁਪਿਆ ਇਕੱਲਾ ਪੈਲੇਸ ਦਾ ਹੀ ਖਰਚਾ ਪੈ ਰਿਹਾ ਹੈ।
ਹਰ ਲੁਬਾਣਾ ਆਪਣੇ ਆਪ ਨੂੰ ਵਿਆਹ ਦੇ ਖਰਚ ਵਿਚ ਏਡਾ ਬਿਜ਼ੀ ਹੋ ਗਿਆ ਹੈ ਕਿ ਉਨ੍ਹਾਂ ਨੂੰ ਕੁੜੀ ਦੇ ਵਿਆਹ ਤੋਂ ਬਾਦ ਕੀਤੇ ਹਿਸਾਬ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਕਿੰਨਾ ਪੈਸਾ ਨਾਜਾਇਜ਼ ਹੀ ਖਰਚ ਕਰ ਦਿੱਤਾ ਹੈ।


ਡਾ. ਜਸਵੰਤ ਸਿੰਘ ਬੇਗੋਵਾਲ ਦੀ ਲਿਖੀ ਪੁਸਤਕ "ਦਿ ਲੁਬਾਣਾਜ਼" ਪ੍ਰਾਪਤ ਕਰਦੇ ਹੋਏ ਕਮਲ ਧਰਮਸੋਤ। ਨਾਲ ਨਜ਼ਰ ਆ ਰਹੇ ਹਨ ਐਸ. ਪੀ. ਸਿੰਘ ਲੁਬਾਣਾ ਅਤੇ ਅਰੁਣ ਦਿਗਾਂਬਰ ਚਵਾਨ।

ਫਿਰ ਜੋ ਸਭ ਤੋਂ ਵੱਡੀ ਘਾਟ ਲੁਬਾਣਾ ਸਮਾਜ ਵਿਚ ਪੈਦਾ ਹੋ ਰਹੀ ਹੈ, ਉਹ ਹੈ ਪੜ੍ਹਾਈ ਲਿਖਾਈ ਦੀ। ਪੰਜਾਬ ਤੇ ਹਰਿਆਣਾ ਵਿਚ ਵੱਸਦੇ ਲੁਬਾਣਾ ਬਰਾਦਰੀ ਦੀ ਬਹੁਤੀ ਵਸੋਂ ਵਿਦੇਸ਼ਾਂ ਵਿਚ ਵੱਸ ਰਹੀ ਹੈ ਤੇ ਜੋ ਉਥੇ ਭਾਰਤ ਵਿਚ ਰਹਿ ਰਹੇ ਹਨ, ਉਨ੍ਹਾਂ ਦੀ ਵੀ ਇਹੀ ਸੋਚ ਹੈ ਕਿ ਕਦੋਂ ਉਹ ਦਿਨ ਆਵੇ ਕਿ ਉਹ ਵੀ ਯੂਰਪ ਜਾਂ ਵਿਦੇਸ਼ ਦੇ ਕਿਸੇ ਵੀ ਮੁਲਕ ਚਲੇ ਜਾਣ।
ਬੱਚਾ ਭਾਵੇਂ ਪੜ੍ਹੇ ਜਾਂ ਨਾ, ਪਰ ਉਸ ਦਾ ਦਾਖਲਾ ਕਿਸੇ ਪ੍ਰਾਈਵੇਟ ਸਕੂਲ ਵਿਚ ਹੋਣਾ ਜ਼ਰੂਰੀ ਮੰਨਿਆ ਜਾ ਰਿਹਾ ਹੈ। ਬੱਚਾ ਜਦੋਂ ਅਜੇ ੧੨ ਕੁ ਸਾਲ ਦਾ ਹੀ ਹੁੰਦਾ ਹੈ ਤਾਂ ਪਰਿਵਾਰ ਨੂੰ ਫਿਕਰ ਪੈ ਜਾਂਦਾ ਹੈ ਕਿ ਹੁਣ ਜਲਦੀ ਜਲਦੀ ਇਸ ਦਾ ਪਾਸਪੋਰਟ ਬਣੇ ਤੇ ਇਸ ਨੂੰ ਬਾਹਰਲੇ ਮੁਲਕ ਭੇਜ ਦਿੱਤਾ ਜਾਵੇ। ਉਹ ਭਾਵੇਂ ਲੀਗਲ ਜਾਂ ਇੱਲੀਗਲ ਤਰੀਕਾ ਹੋਵੇ, ਬੱਚਾ ਬਾਹਰ ਜਾਣਾ ਚਾਹੀਦਾ ਹੈ।
ਕਈ ਵਾਰ ਅਜਿਹੇ ਤਰੀਕਿਆਂ ਨਾਲ ਭੇਜੇ ਬੱਚੇ ਰਾਹ ਵਿਚ ਦਮ ਤੋੜ ਜਾਂਦੇ ਹਨ।
ਪਰ ਬਾਹਰਲੇ ਮੁਲਕ ਵਿਚ ਜਾਣ ਦਾ ਸ਼ੌਕ ਬਰਕਰਾਰ ਹੈ।
ਜੇਕਰ ਸੰਨ ੨੦੦੦ ਤੋਂ ਹੁਣ ਤੱਕ ਹਿਸਾਬ ਹੀ ਲਾ ਲਿਆ ਜਾਵੇ ਤੇ ਵੇਖਿਆ ਜਾਵੇ ਕਿ ਸਾਡੇ ਕਿੰਨੇ ਕੁ ਬੱਚੇ ਅਫਸਰ ਬਣੇ ਹਨ ਤੇ ਕਿੰਨੇ ਕੁ ਬੱਚੇ ਯੂਰਪ ਜਾਂ ਅਮਰੀਕਾ ਪੁੱਜੇ ਹਨ। ਨਤੀਜਾ ਇਹੀ ਹੋਵੇਗਾ ਕਿ ਅਫਸਰ ਤਾਂ ਭਾਵੇਂ ਨਾ ਬਣੇ ਹੋਣ ਪਰ ਬਾਹਰਲੇ ਮੁਲਕਾਂ ਵਿਚ ਸਭ ਤੋਂ ਵੱਧ ਲੁਬਾਣਿਆਂ ਦੇ ਕਾਕੇ ਹੀ ਪੁੱਜੇ ਹਨ।
ਪੈਸਾ ਹੋਣਾ ਵੀ ਬਹੁਤ ਜ਼ਰੂਰੀ ਹੈ ਪਰ ਜੇਕਰ ਇਸ ਤਰ੍ਹਾਂ ਹੀ ਰੁਝਾਨ ਚਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਕੋਈ ਲੁਬਾਣਾ ਟਾਪ ਕਲਾਸ ਦਾ ਅਫਸਰ ਲੱਭਿਆਂ ਨਹੀਂ ਲੱਭੇਗਾ।


ਬੇਗੋਵਾਲ ਵਿਖੇ ਉੱਘੇ ਹਿਸਟੋਰੀਅਨ ਅਤੇ ਲੇਖਕ ਡਾ. ਜਸਵੰਤ ਸਿੰਘ ਬੇਗੋਵਾਲ ਦੇ ਨਿਵਾਸ ਵਿਖੇ ਸਮਾਜਿਕ ਲਹਿਰ "ਗੋਰ ਸਿਕਵਾੜੀ" ਵੱਲੋਂ ਸਮਾਜ ਚੇਤਨਾ ਮੁਹਿੰਮ ਤਹਿਤ ਹੋਈ ਮੀਟਿੰਗ ਵਿੱਚ ਦਿੱਲੀ ਤੋਂ ਲੁਬਾਣਾ ਆਗੂ ਐਸ. ਪੀ. ਸਿੰਘ ਲੁਬਾਣਾ, ਅਰੁਣ ਦਿਗਾਂਬਰ ਚਵਾਨ, ਡਾ. ਜਸਵੰਤ ਸਿੰਘ ਬੇਗੋਵਾਲ, ਕਮਲ ਧਰਮਸੋਤ ਅਤੇ ਲੁਬਾਣਾ ਭਾਈਚਾਰੇ ਦੇ ਹੋਰ ਆਗੂ ਗਰੁਪ ਫੋਟੋ ਖਿਚਵਾਉਂਦੇ ਹੋਏ।

ਹਾਂ ਪਿੰਡਾਂ ਵਿਚ ਕੋਠੀਆਂ ਜੋ ਬਣਾਈਆਂ ਜਾ ਰਹੀਆਂ ਹਨ ਪਰ ਕਦੇ ਸੋਚਿਆ ਹੈ ਕਿ ਜੇਕਰ ਅਸੀਂ ਪ੍ਰਦੇਸਾਂ ਵਿਚ ਹੀ ਰਹਿਣਾ ਹੈ ਤਾਂ ਫਿਰ ਕੋਠੀਆਂ ਕਿਸ ਲਈ ਬਣਾ ਰਹੇ ਹਾਂ?
ਜੇਕਰ ਸਾਨੂੰ ਅਮਰੀਕਾ ਜਾਂ ਯੂਰਪ ਦੇ ਪੱਕੇ ਪੇਪਰ ਜਾਂ ਨੈਸ਼ਨੈਲਟੀ ਮਿਲ ਗਈ ਤਾਂ ਕੀ ਸਾਡੇ ਬੱਚੇ ਅਜਿਹੇ ਮੁਲਕਾਂ ਨੂੰ ਛੱਡ ਕੇ ਕਦੇ ਉਸ ਪੰਜਾਬ ਜਾਂ ਹਰਿਆਣਾ ਵਿਚ ਰਹਿਣਾ ਪਸੰਦ ਕਰਨਗੇ ਜਿਨ੍ਹਾਂ ਨੂੰ ਛੱਡ ਕੇ ਅਸੀਂ ਕਦੋਂ ਦੇ ਬਾਹਰਲੇ ਮੁਲਕਾਂ ਵਿਚ ਆ ਗਏ ਹਾਂ।
ਮੇਰੇ ਵੀਰੋ…
ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਵਾਰਸੋ...
ਕ੍ਰਿਪਾ ਕਰਕੇ ਸਾਨੂੰ ਅਜਿਹੀਆਂ ਗੱਲਾਂ ਬਾਰੇ ਵੀ ਸੋਚਣਾ ਚਾਹੀਦਾ ਹੈ…। ਬਰਸੀਆਂ ਮਨਾਉਣ ਵੇਲੇ ਸਾਨੂੰ ਸੰਗਤਾਂ ਨੂੰ ਉਪਰੋਕਤ ਗੱਲਾਂ ਬਾਰੇ ਵੀ ਜਾਣੂੰ ਕਰਵਾਉਣਾ ਚਾਹੀਦਾ ਹੈ।
ਦੋ ਦਿਨ ਬਰਸੀ ਸਮਾਗਮ ਕਰਵਾ ਕੇ ਹੀ ਅਵੇਸਲੇ ਨਹੀਂ ਹੋ ਜਾਣਾ ਚਾਹੀਦਾ। ਬਹੁਤ ਮਿਹਨਤ ਕਰਨੀ ਪਵੇਗੀ, ਨਹੀਂ ਤਾਂ ਬੜਾ ਔਖਾ ਟਾਇਮ ਆਉਣ ਵਾਲਾ ਹੈ। ਜੇਕਰ ਸਮਾਂ ਰਹਿੰਦਿਆ ਅਸੀਂ ਆਪਣੇ ਬੱਚਿਆਂ ਅਤੇ ਆਪਣੇ ਸਮਾਜ ਨੂੰ ਨਾ ਵੇਖਿਆ ਤਾਂ ਫਿਰ ਪਛਤਾਉਣਾ ਪਵੇਗਾ।


ਸਮਾਜਿਕ ਲਹਿਰ "ਗੋਰ ਸਿਕਵਾੜੀ" ਵੱਲੋਂ ਪੰਜਾਬ ਵਿੱਚ 2016 ਦੇ ਅਪ੍ਰੈਲ ਮਹੀਨੇ ਤੋਂ ਲੈ ਕੇ ਜੂਨ ਦੇ ਅਖੀਰ ਤੱਕ ਚਲਾਈ ਗਈ ਸਮਾਜ ਚੇਤਨਾ ਮੁਹਿੰਮ ਤਹਿਤ ਹੋਈਆਂ ਮੀਟਿੰਗਾਂ ਦੌਰਾਨ ਉੜਮੁੜ ਵਿਖੇ ਇਕ ਮੀਟਿੰਗ ਵਿਚ ਅਰੁਣ ਦਿਗਾਂਬਰ ਚਵਾਨ, ਕਮਲ ਧਰਮਸੋਤ, ਐਸ. ਪੀ. ਸਿੰਘ ਲੁਬਾਣਾ, ਸੰਦੀਪ ਮੁਛਾਲ ਅਤੇ ਲੁਬਾਣਾ ਭਾਈਚਾਰੇ ਦੇ ਸਥਾਨਕ ਆਗੂ ਦਿਖਾਈ ਦੇ ਰਹੇ ਹਨ।

ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀਆਂ ਅਤੇ ਉਨ੍ਹਾਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਯਾਦਗਾਰ ਮਨਾਉਣ ਮੌਕੇ ਕੁਝ ਅਜਿਹੇ ਬੱਚਿਆਂ ਨੂੰ ਚੁਣਿਆ ਜਾਵੇ ਜਿਨ੍ਹਾਂ ਦੀ ਪਰਵਰਿਸ਼ ਦਾ ਜਿੰਮਾ ਇਨ੍ਹਾਂ ਯਾਦਗਾਰ ਕਮੇਟੀਆ ਨੂੰ ਦਿੱਤਾ ਜਾਵੇ ਜੋ ਸੰਤ ਬਾਬਾ ਪ੍ਰੇਮ ਸਿੰਘ ਜੀ ਦੁਆਰਾ ਚਲਾਈ ਮਰਿਯਾਦਾ ਨੂੰ ਅਗਾਂਹ ਤੌਰਨ ਦੇ ਯੋਗ ਹੋਣ।
ਜੇਕਰ ਬਰਸੀ ਮੌਕੇ ਹਰ ਸਾਲ ਅਸੀਂ ਇੱਕ ਬੱਚਾ ਵੀ ਚੁਣ ਲਈਏ ਤਾਂ ਅਸੀਂ ਇੱਕ ਨਹੀਂ ਸੈਂਕੜੇ ਅਜਿਹੇ ਬੱਚੇ ਤਿਆਰ ਕਰ ਸਕਦੇ ਹਾਂ। ਬਾਹਰਲੇ ਮੁਲਕਾਂ ਵਿਚ ਬੈਠੇ, ਕੀ ਗੱਲ ਅਸੀਂ ਕਿਸੇ ਇੱਕ ਬੱਚੇ ਦਾ ਖਰਚਾ ਵੀ ਬਰਦਾਸ਼ਤ ਨਹੀਂ ਕਰ ਸਕਦੇ? ਫਿਰ ਉਨ੍ਹਾਂ ਬੱਚਿਆਂ ਨੂੰ ਪੂਰੀ ਵਿਦਿਆ ਅਤੇ ਪੂਰਾ ਧਾਰਮਿਕ ਗਿਆਨ ਪ੍ਰਾਪਤ ਕਰਵਾਉਣ ਦੀ ਸਹੂਲਤ ਪੈਦਾ ਕਰੀਏ, ਤਾਂ ਹੀ ਸਾਡੇ ਲੁਬਾਣਾ ਸਮਾਜ ਦਾ ਭਲਾ ਹੋ ਸਕੇਗਾ।
ਨਹੀਂ ਤਾਂ ਬਰਸੀਆਂ ਮਨਾਉਣੀਆਂ ਮਹਿਜ ਇੱਕ ਰਸਮ ਹੀ ਬਣ ਜਾਵੇਗੀ।
ਆਉਣ ਵਾਲਾ ਭਵਿੱਖ ਸਾਨੂੰ ਬਹੁਤ ਸੁਆਲ ਪੁੱਛੇਗਾ, ਕੀ ਅਸੀਂ ਜੁਆਬ ਦੇ ਸਕਾਂਗੇ?


ਬੇਗੋਵਾਲ ਵਿਖੇ ਉੱਘੇ ਹਿਸਟੋਰੀਅਨ ਅਤੇ ਲੇਖਕ ਡਾ. ਜਸਵੰਤ ਸਿੰਘ ਬੇਗੋਵਾਲ ਦੇ ਨਿਵਾਸ ਵਿਖੇ ਸਮਾਜਿਕ ਲਹਿਰ "ਗੋਰ ਸਿਕਵਾੜੀ" ਵੱਲੋਂ ਸਮਾਜ ਚੇਤਨਾ ਮੁਹਿੰਮ ਤਹਿਤ ਹੋਈ ਮੀਟਿੰਗ ਵਿੱਚ ਦਿੱਲੀ ਤੋਂ ਲੁਬਾਣਾ ਆਗੂ ਐਸ. ਪੀ. ਸਿੰਘ ਲੁਬਾਣਾ, ਅਰੁਣ ਦਿਗਾਂਬਰ ਚਵਾਨ, ਡਾ. ਜਸਵੰਤ ਸਿੰਘ ਬੇਗੋਵਾਲ, ਕਮਲ ਧਰਮਸੋਤ ਅਤੇ ਲੁਬਾਣਾ ਭਾਈਚਾਰੇ ਦੇ ਹੋਰ ਆਗੂ ਹਿੱਸਾ ਲੈਂਦੇ ਹੋਏ।

ਪਰਚਾਰ ਵਾਸਤੇ ਇੱਕ ਟੀਮ ਤਿਆਰ ਕੀਤੀ ਜਾ ਰਹੀ ਹੈ ਜੋ ਇਨ੍ਹਾਂ ਬੱਚਿਆਂ ਲਈ ਇੱਕ ਖਾਸ ਪਲੇਟਫਾਰਮ ਬਣਾ ਸਕੇ।
ਨਹੀਂ ਤੇ ਆਉਣ ਵਾਲਾ ਸਮਾਂ ਲੁਬਾਣਾ ਬਰਾਦਰੀ ਲਈ ਸ਼ੁਭ ਨਹੀਂ ਹੋਵੇਗਾ, ਪੈਸਾ ਕੋਈ ਵੱਡੀ ਚੀਜ਼ ਨਹੀਂ ਹੈ, ਜੇਕਰ ਅਸੀਂ ਇਸ ਪਾਸੇ ਧਿਆਨ ਨਹੀਂ ਦਿੱਤਾ, ਤਾਂ ਜੋ ਬੱਚੇ ਛੋਟੀ ਉਮਰ ਵਿਚ ਵਿਦੇਸ਼ ਭੇਜ ਰਹੇ ਹਾਂ, ਉਹ ਉਥੇ ਜਾ ਕੇ ਨਸ਼ਿਆਂ ਦੀ ਦਲਦਲ ਵਿਚ ਫਸ ਰਹੇ ਨੇ। ਮਾਪਿਆਂ ਤੋਂ ਦੂਰ ਰਹਿ ਕੇ ਉਨ੍ਹਾਂ ਦੀ ਪੜ੍ਹਾਈ ਵੀ ਪੂਰੀ ਨਹੀਂ ਹੋ ਰਹੀ। ਗਲਤ ਸੰਗਤ ਵਿਚ ਪੈ ਕੇ ਉਹ ਜਿਥੇ ਮਾਂ-ਬਾਪ ਤੋਂ ਦੂਰ ਹੋ ਜਾਣਗੇ, ਉਸ ਦੇ ਨਾਲ ਉਹ ਹੋਰਾਂ ਲਈ ਵੀ ਮੁਸੀਬਤ ਖੜੀ ਕਰ ਸਕਦੇ ਹਨ।
ਮੇਰੀ ਲੁਬਾਣਾ ਬਰਾਦਰੀ ਦੇ ਲੀਡਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਜਿਥੇ ਸੇਵਾ ਭਾਵ ਨਾਲ ਸੇਵਾ ਕਰ ਰਹੇ ਹਨ, ਉਥੇ ਕ੍ਰਿਪਾ ਕਰਕੇ ਉਪਰੋਕਤ ਗੱਲਾਂ ਨੂੰ ਵੀ ਜ਼ਰੂਰ ਵਿਚਾਰਨ। ਵਿਆਹਾਂ ਦੇ ਖਰਚਿਆਂ ਵਿਚ ਕਮੀ ਲਿਆਂਦੀ ਜਾਵੇ।
ਵਿਆਹਾਂ ਵਿਚ ਰਿਸ਼ਤੇਦਾਰਾਂ ਨੂੰ ਸੋਨਾ ਨਾ ਪਾਇਆ ਜਾਵੇ।
ਬਰਸੀਆਂ ਮਨਾਉਣ ਵੇਲੇ ਮਹਾਪੁਰਸ਼ਾਂ ਦੇ ਕੀਤੇ ਕਾਰਜਾਂ ਨੂੰ ਸੰਗਤਾਂ ਦੇ ਵਿਚ ਜ਼ਰੂਰ ਸੁਣਾਇਆ ਜਾਵੇ।
ਕਿਸੇ ਨੇ ਸਹੀ ਕਿਹਾ ਹੈ,
ਜਿਨ ਕੀ ਯਾਦੇਂ ਮਨਾਤੇ ਹੋ, ਉਨ ਕੀ ਬਾਤ ਭੀ ਮਾਨੋ!
ਧੰਨਵਾਦ ਵੀਰ ਸਵਰਨਜੀਤ ਸਿੰਘ ਘੋਤੜਾ।
ਆਉ ਸਾਰੇ ਬਾਬਾ ਜੀ ਦੇ ਜੀਵਨ ਅਤੇ ਸੰਘਰਸ਼ ਤੋਂ ਸਿੱਖ ਕੇ ਸਮਾਜ ਜਗਾਉ ਲਹਿਰ ਦਾ ਹਿੱਸਾ ਬਣ ਕੇ ਆਪਣੇ ਸਮਾਜ ਨੂੰ ਅੱਗੇ ਲਿਜਾਣ ਲਈ ਆਪਣਾ ਯੋਗਦਾਨ ਪਾਈਏ।
ਗੁਸਤਾਖੀ ਮਾਫ!
ਤੁਹਾਡਾ ਵੀਰ,
ਸਰਬਜੀਤ ਸਿੰਘ ਮੁਕੇਰੀਆਂ।


ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 67ਵੀਂ ਮਿੱਠੀ ਅਤੇ ਨਿੱਘੀ ਯਾਦ ਵਿੱਚ ਮਿਤੀ 1, 2, 3 ਜੂਨ 2017 ਨੂੰ ਡੇਰਾ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਬੇਗੋਵਾਲ, ਜ਼ਿਲਾ ਕਪੂਰਥਲਾ, ਪੰਜਾਬ ਵਿਖੇ ਹੋ ਰਹੇ ਸਮਾਗਮਾਂ ਦੀ ਇਕ ਝਲਕ।


ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 67ਵੀਂ ਮਿੱਠੀ ਅਤੇ ਨਿੱਘੀ ਯਾਦ ਵਿੱਚ ਮਿਤੀ 28 ਮਈ 2017 ਨੂੰ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਹੋਏ ਸਮਾਗਮਾਂ ਦੀ ਇਕ ਝਲਕ।


ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 67ਵੀਂ ਮਿੱਠੀ ਅਤੇ ਨਿੱਘੀ ਯਾਦ ਵਿੱਚ ਮਿਤੀ 2, 3, 4 ਜੂਨ 2017 ਨੂੰ ਗੁਰਦੁਆਰਾ ਗੁਰੂ ਨਾਨਕ ਦੇਵ ਜੀ Langobardon Strasse 47 1220 Vienna Austria ਵਿਖੇ ਹੋ ਰਹੇ ਸਮਾਗਮਾਂ ਦੀ ਇਕ ਝਲਕ।


ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 67ਵੀਂ ਮਿੱਠੀ ਅਤੇ ਨਿੱਘੀ ਯਾਦ ਵਿੱਚ ਮਿਤੀ 2, 3, 4 ਜੂਨ 2017 ਨੂੰ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ, ਸਿੱਖ ਸੈਂਟਰ ਬੋਰਗੋ ਸੰਨ ਯਾਕਮੋ ਇਟਲੀ ਵਿਖੇ ਹੋ ਰਹੇ ਸਮਾਗਮਾਂ ਦੀ ਇਕ ਝਲਕ।


ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 67ਵੀਂ ਮਿੱਠੀ ਅਤੇ ਨਿੱਘੀ ਯਾਦ ਵਿੱਚ ਮਿਤੀ 11 ਜੂਨ 2017 ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਟਾਵਰਜ਼ ਐਥਨਜ਼, ਗਰੀਸ ਵਿਖੇ ਹੋ ਰਹੇ ਸਮਾਗਮਾਂ ਦੀ ਇਕ ਝਲਕ।

Updated on June 1, 2017----------------------

  Top