Baba Hathiram
Sant Prem Singh
Baba Lakhi Shah
Sham S Muchhaal
Pradeep Manawat
Sandeep Rathod
Main News Page (1)
Jhalkari Bai
DrSuryaDhanavath
Introduction
Freedom Fighter
Guest Book
Mein Bhi Kaain Kehno Chha
Goaar Darpan
Goaar Forum
What Do You Think?
Special Mail
Gor History
Dr. Tanaji Rathod
Pradeep Ramavath-1
Goaar Goshti
Religious Persons
Political Persons
Social Reformers
Organisations
Goaar Chetna
Goaar Ratan
Gypsy-Banjara
Sportsmen
Goaar History
Goaar Writers
Attn: Researchers
About Us
 

28 ਮਈ 2017 ਨੂੰ ਨਾਰਨੂਰ ਪਿੰਡ, ਤਹਿਸੀਲ ਉਤਨੂਰ, ਜ਼ਿਲਾ ਆਦਿਲਾਬਾਦ, ਤੇਲੰਗਾਨਾ ਪ੍ਰਦੇਸ਼ ਵਿੱਚ ਮਨਾਏ ਜਾ ਰਹੇ 447ਵੇਂ ਜਨਮ ਦਿਹਾੜੇ ਉਤੇ ਵਿਸ਼ੇਸ਼ ਲੇਖ

ਯੁਗ ਪੁਰਸ਼ ਬਾਬਾ ਲੱਖੀ ਸ਼ਾਹ ਬੰਜਾਰਾ ਜੀਭੱਟ ਵਹੀ ਅਟੇਲਾ ਕੈਥਲ ਵਿੱਚੋਂ ਭੱਟ ਹੁਕਮ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦਾ ਜਨਮ ਸਾਵਨ ਵਦੀ ਅਸ਼ਟਮੀ ਬਿਕਰਮੀ ਸੰਮਤ 1637 ਨੂੰ ਹੋਇਆ ਸੀ। ਈਸਵੀ ਸੰਨ ਮੁਤਾਬਕ ਇਹ ਮਿਤੀ 15 ਅਗਸਤ 1580 ਬਣਦੀ ਹੈ। ਬੰਜਾਰਾ ਸਮਾਜ ਦੇ ਉਘੇ ਆਗੂ ਅਮਰ ਸਿੰਘ ਤਿਲਾਵਤ ਜੀ ਦੀ ਖੋਜ ਅਨੁਸਾਰ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦੀ ਜਨਮ ਮਿਤੀ 28 ਮਈ 1570 ਨੂੰ ਪੈਂਦੀ ਹੈ।


ਲੇਖਕ: ਕਮਲ ਧਰਮਸੋਤ
ਸੰਪਰਕ ਈ-ਮੇਲ: kamaldharamsot@gmail.com
ਫੋਨ ਅਤੇ ਵਟਸਐਪ ਨੰਬਰ: 001-661-535-9044

ਭਾਰਤ ਦੇ ਕੋਨੇ ਕੋਨੇ ਵਿੱਚ ਵੱਸਦੇ ਬਾਜ਼ੀਗਰ-ਬੰਜਾਰਾ ਭਾਈਚਾਰੇ ਵਿੱਚ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦਾ ਸਥਾਨ ਇੱਕ ਉੱਘੇ ਸਮਾਜ ਸੁਧਾਰਕ ਵਜੋਂ ਨਿਰਧਾਰਿਤ ਕੀਤਾ ਜਾ ਸਕਦਾ ਹੈ। 28 ਮਈ 1570 ਨੂੰ ਜਨਮੇ ਬਾਬਾ ਲੱਖੀ ਸ਼ਾਹ ਬੰਜਾਰਾ ਨੇ ਵਪਾਰ ਦੇ ਖੇਤਰ ਵਿੱਚ ਅਜਿਹਾ ਰੁਤਬਾ ਹਾਸਲ ਕਰ ਲਿਆ ਸੀ ਜੋ ਅਜੋਕੇ ਜ਼ਮਾਨੇ ਦੇ ਟਾਟਾ, ਬਿਰਲਾ ਜਾਂ ਅੰਬਾਨੀ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ ਸੀ। ਉਨ੍ਹਾਂ ਦੇ ਵਪਾਰਕ ਨੈੱਟਵਰਕ ਦਾ ਜਾਲ ਉਸ ਸਮੇਂ ਦੇ ਭਾਰਤ ਦੀ ਹਰ ਨੁੱਕਰ ਤੀਕ ਫੈਲਿਆ ਹੋਇਆ ਸੀ। ਹਰੇਕ ਖੇਤਰ ਵਿੱਚ ਜਿੱਧਰ ਉਨ੍ਹਾਂ ਦਾ ਵਪਾਰਕ ਕਾਫ਼ਲਾ ਕੂਚ ਕਰਦਾ ਸੀ, ਬਾਬਾ ਲੱਖੀ ਸ਼ਾਹ ਬੰਜਾਰਾ ਨੇ ਵੱਡੇ-ਵੱਡੇ ਤਲਾਬ, ਸਰਾਵਾਂ ਅਤੇ ਬਾਵੜੀਆਂ ਬਣਾ ਰੱਖੀਆਂ ਸਨ। ਇਨ੍ਹਾਂ ਕਾਫਲਿਆਂ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਬੈਲ ਗੱਡੀਆਂ ਹੋਇਆ ਕਰਦੀਆਂ ਸਨ। ਇਹ ਤਲਾਬ, ਸਰਾਵਾਂ ਤੇ ਬਾਵੜੀਆਂ ਅੱਜ ਵੀ ਉਨ੍ਹਾਂ ਦੀ ਸ਼ਾਨੋ-ਸ਼ੌਕਤ ਦਾ ਬਖਾਨ ਕਰਦੇ ਨਜ਼ਰ ਆਉਂਦੇ ਹਨ। ਰਾਏਸਿਨਾ ਟਾਂਡਾ ਜੋ ਕਿ ਕਿਸੇ ਸਮੇਂ ਬਾਬਾ ਲੱਖੀ ਸ਼ਾਹ ਬੰਜਾਰਾ ਅਤੇ ਹੋਰ ਬੰਜਾਰਿਆਂ ਦਾ ਪਿੰਡ ਹੋਇਆ ਕਰਦਾ ਸੀ, ਵਾਲੀ ਥਾਂ ਉਤੇ ਅੱਜਕੱਲ ਸੰਸਦ ਭਵਨ ਅਤੇ ਰਾਸ਼ਟਰਪਤੀ ਭਵਨ ਸੁਸ਼ੋਭਿਤ ਹਨ। ਅੰਗਰੇਜ਼ਾਂ ਦੇ ਭਾਰਤ ਵਿੱਚ ਆਉਣ ਨਾਲ ਸਭ ਤੋਂ ਵੱਡੀ ਮਾਰ ਇਨ੍ਹਾਂ ਵਪਾਰੀ ਬੰਜਾਰਿਆਂ ਦੇ ਕੰਮ ਕਾਰ ਉਤੇ ਪਈ। ਅੰਗਰੇਜ਼ਾਂ ਵੱਲੋਂ ਜਦੋਂ ਰੇਲਾਂ ਦਾ ਜਾਲ ਵਿਛਾਇਆ ਗਿਆ ਤਾਂ ਬੰਜਾਰਿਆਂ ਦਾ ਲਦੇਣੀ ਦਾ ਵਪਾਰ ਉਨ੍ਹਾਂ ਹੱਥੋਂ ਖੁੱਸ ਗਿਆ। ਇਸ ਅੌਖੇ ਸਮੇਂ ਤਾਂ ਬਹੁਤੇ ਬੰਜਾਰੇ ਖੇਤੀ ਦੇ ਨਾਲ ਜੁੜ ਗਏ ਪਰ ਜਿਹੜੇ ਹਾਲਾਤ ਨਾਲ ਸਮਝੌਤਾ ਨਹੀਂ ਕਰ ਸਕੇ ਉਹ ਬੰਜਾਰੇ ਅੰਗਰੇਜ਼ਾਂ ਦੇ ਨਾਲ ਸੰਘਰਸ਼ ਦੇ ਰਾਹ ਪੈ ਗਏ। ਇਨ੍ਹਾਂ ਉਤੇ ਅੰਗਰੇਜ਼ਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ, ਜਿਨ੍ਹਾਂ ਬਾਰੇ ਤਫਸੀਲ ਨਾਲ ਫਿਰ ਕਦੇ ਗੱਲ ਕਰਾਂਗੇ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਿਨ੍ਹਾਂ ਬਾਜ਼ੀਗਰ ਬੰਜਾਰਿਆਂ ਦੀ ਜ਼ਮੀਨ ਉਤੇ ਅੱਜ ਭਾਰਤ ਦਾ ਸੰਸਦ ਭਵਨ ਖੜ੍ਹਾ ਹੈ, ਉਹੀ ਬਾਜ਼ੀਗਰ ਬੰਜਾਰੇ, ਭਾਰਤ ਨੂੰ ਆਜ਼ਾਦੀ ਮਿਲਣ ਤੋਂ ਇੰਨੇ ਸਾਲ ਬਾਅਦ ਵੀ ਆਪਣੇ ਰੈਣ ਬਸੇਰੇ ਵਾਲੀਆਂ ਜ਼ਮੀਨਾਂ ਦੇ ਕਾਨੂੰਨੀ ਮਾਲਕ ਨਹੀਂ ਬਣ ਸਕੇ। ਜਗ੍ਹਾ ਜਗ੍ਹਾ ਇਨ੍ਹਾਂ ਬਾਜ਼ੀਗਰ ਬੰਜਾਰਿਆਂ ਦੀਆਂ ਬਸਤੀਆਂ ਨੂੰ ਢਾਹਿਆ ਜਾ ਰਿਹਾ ਹੈ। ਕਿਤੇ ਰਾਜਨੀਤਕ ਗੁੰਡੇ ਇਹ ਕੰਮ ਸਰਅੰਜਾਮ ਦੇ ਰਹੇ ਹਨ ਅਤੇ ਕਿਤੇ ਖੁਦ ਸਰਕਾਰਾਂ। ਦੂਰ ਕੀ ਜਾਣਾ ਹੈ, ਅਜੇ ਕੁਝ ਦਿਨ ਪਹਿਲਾਂ ਹੀ ਮੁੰਬਈ ਦੇ ਕਫ ਪਰੇਡ ਟਾਂਡਾ ਉਤੇ ਬੁਲਡੋਜ਼ਰ ਫੇਰ ਦਿੱਤਾ ਗਿਆ ਹੈ। ਇਸ ਟਾਂਡੇ ਵਿੱਚ 140 ਘਰਾਂ ਵਿੱਚ ਰਹਿਣ ਵਾਲੇ 600 ਦੇ ਕਰੀਬ ਬੰਜਾਰੇ ਬਿਨਾਂ ਕਿਸੇ ਅਗਾਊਂ ਚਿਤਾਵਨੀ ਦੇ ਬੇਘਰ ਕਰ ਦਿੱਤੇ ਗਏ ਹਨ। ਹੋਰ ਤਾਂ ਹੋਰ ਦਿੱਲੀ ਵਿੱਚ ਹੀ ਬਾਬਾ ਲੱਖੀ ਸ਼ਾਹ ਬੰਜਾਰਾ ਵੱਲੋਂ ਬਣਵਾਈ ਗਈ ਬਾਵੜੀ ਉਤੇ ਗੁੰਡਿਆਂ ਨੇ ਕਬਜ਼ਾ ਕਰ ਲਿਆ ਹੈ। ਇਸ ਬਾਵੜੀ ਦੇ ਸਥਾਨ ਨੂੰ ਆਸ ਪਾਸ ਦੇ ਬੰਜਾਰੇ ਆਪਣਾ ਪੂਜਣ ਯੋਗ ਸਥਾਨ ਸਮਝਦੇ ਹਨ। ਇਸ ਸਥਾਨ ਉਤੇ ਬੈਠੇ ਸੇਵਾਦਾਰ ਨੂੰ ਗੁੰਡਿਆਂ ਨੇ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦੀ ਬਾਵੜੀ ਵਿਚੋਂ ਬਾਹਰ ਕੱਢ ਕੇ ਕਬਜ਼ਾ ਕਰ ਲਿਆ ਹੈ।


ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦਾ ਬੁੱਤ ਤੇਲੰਗਾਨਾ ਵਿੱਚ ਸਥਾਪਤ ਕਰਵਾਉਣ ਵਾਲੇ ਸਾਬਕਾ ਮੰਤਰੀ ਸ਼੍ਰੀ ਅਮਰ ਸਿੰਘ ਤਿਲਾਵਤ, ਜਿਨ੍ਹਾਂ ਦੇ ਯਤਨਾਂ ਸਦਕਾ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦੀ 447ਵੀਂ ਜਯੰਤੀ 28 ਮਈ 2017 ਨੂੰ ਨਾਰਨੂਰ ਪਿੰਡ, ਤਹਿਸੀਲ ਉਤਨੂਰ, ਜ਼ਿਲਾ ਆਦਿਲਾਬਾਦ, ਤੇਲੰਗਾਨਾ ਪ੍ਰਦੇਸ਼ ਵਿੱਚ ਕੌਮੀ ਪੱਧਰ ਉਤੇ ਮਨਾਈ ਜਾ ਰਹੀ ਹੈ।

ਅੱਜ ਜਦੋਂ ਕਿ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦੀ 447ਵੀਂ ਜਯੰਤੀ ਮਨਾਈ ਜਾ ਰਹੀ ਹੈ ਤਾਂ ਉਸ ਬਾਜ਼ੀਗਰ ਬੰਜਾਰਾ ਕਮਿਊਨਿਟੀ ਦੇ ਲੋਕਾਂ ਦੀ ਅਜੋਕੀ ਸਥਿਤੀ ਬਾਰੇ ਚਾਨਣਾ ਪਾਉਣਾ ਜਾਇਜ਼ ਹੀ ਕਿਹਾ ਜਾ ਸਕਦਾ ਹੈ। ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਅਤੇ ਕਸ਼ਮੀਰ ਰਾਜਾਂ ਵਿੱਚ ਦੇਸ਼ ਦੀ ਵੰਡ ਵੇਲੇ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵਾਲੇ ਪਾਸੇ ਜਿਹੜੇ ਬਾਜ਼ੀਗਰ ਕਬੀਲੇ ਦੇ ਲੋਕ ਆ ਕੇ ਵੱਸੇ ਸਨ, ਉਨ੍ਹਾਂ ਦੀਆਂ ਰਿਹਾਇਸ਼ੀ ਜ਼ਮੀਨਾਂ ਅਜੇ ਵੀ ਉਨ੍ਹਾਂ ਦੇ ਨਾਮ ਨਹੀਂ ਕੀਤੀਆਂ ਗਈਆਂ। ਇਸ ਪਿੱਛੇ ਮੁੱਖ ਕਾਰਣ ਬਾਜ਼ੀਗਰ ਕਬੀਲੇ ਦੇ ਲੋਕਾਂ ਦਾ ਅਨਪੜ੍ਹ ਹੋਣਾ ਕਿਹਾ ਜਾ ਸਕਦਾ ਹੈ। ਕਿਉਂਕਿ ਸਮੇਂ ਦੀਆਂ ਸਰਕਾਰਾਂ ਤੋਂ ਇਨ੍ਹਾਂ ਗਰੀਬ ਲੋਕਾਂ ਨੂੰ ਆਪਣਾ ਹੱਕ ਮੰਗਣਾ ਹੀ ਨਹੀਂ ਆਇਆ। ਸਮੇਂ ਦੀਆਂ ਸਰਕਾਰਾਂ ਨੇ ਵੀ ਬਾਜ਼ੀਗਰ ਕਬੀਲੇ ਦੀ ਇਸ ਮੰਗ ਨੂੰ ਪੂਰਾ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ।


ਨਾਰਨੂਰ, ਜ਼ਿਲਾ ਆਦਿਲਾਬਾਦ, ਤੇਲੰਗਾਨਾ ਸਟੇਟ ਵਿੱਚ ਸਥਾਪਤ ਕੀਤਾ ਗਿਆ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦਾ ਬੁੱਤ। ਤਸਵੀਰ ਵਿੱਚ 5 ਫ਼ਰਵਰੀ 2014 ਨੂੰ ਸਾਬਕਾ ਮੰਤਰੀ ਸ਼੍ਰੀ ਅਮਰ ਸਿੰਘ ਤਿਲਾਵਤ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦਾ ਬੁੱਤ ਕੌਮ ਨੂੰ ਸਮਰਪਿਤ ਕਰਦੇ ਹੋਏ।

ਚੱਲੋ ਹੁਣ ਆਪਾਂ ਇੱਥੇ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦੀ ਜ਼ਿੰਦਗੀ ਦੇ ਕੁਝ ਹੋਰ ਪਹਿਲੂਆਂ ਬਾਰੇ ਚਰਚਾ ਕਰਦੇ ਹਾਂ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਇਤਿਹਾਸ ਵਿੱਚ ਬਾਬਾ ਲੱਖੀ ਸ਼ਾਹ ਬੰਜਾਰਾ ਦਾ ਜ਼ਿਕਰ ਬੜੇ ਆਦਰ ਨਾਲ ਕੀਤਾ ਜਾਂਦਾ ਹੈ। ਸੰਮਤ 1732 ਦੇ ਮੱਘਰ ਸੁਦੀ 6 ਵਾਲੇ ਦਿਨ ਜਦੋਂ ਨੌਂਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ ਗਿਆ ਤਾਂ ਗੁਰੂ ਜੀ ਦਾ ਮ੍ਰਿਤਕ ਸਰੀਰ ਚਾਂਦਨੀ ਚੌਕ ਵਿੱਚ ਹੀ ਸਾਰਾ ਦਿਨ ਪਿਆ ਰਿਹਾ। ਦਿੱਲੀ ਦੇ ਸੂਬੇਦਾਰ ਦੇ ਡਰ ਕਾਰਣ ਕੋਈ ਇਹ ਜੁੱਰਤ ਨਹੀਂ ਕਰ ਸਕਿਆ ਕਿ ਗੁਰੂ ਜੀ ਦੀ ਮ੍ਰਿਤਕ ਦੇਹ ਦਾ ਸਸਕਾਰ ਕਰ ਸਕੇ। ਇਹ ਸਾਰਾ ਸਾਕਾ ਭਾਈ ਜੈਤਾ ਤੇ ਭਾਈ ਗੁਰਬਖਸ਼ ਆਦਿ ਸਿੱਖਾਂ ਨੇ ਆਪ ਦੇਖਿਆ ਸੀ। ਇਹ ਸਿੱਖ ਰਾਤ ਸਮੇਂ ਭਾਈ ਨਾਨੂ ਰਾਏ ਦੇ ਘਰ ਇਕੱਠੇ ਹੋਏ। ਕਾਫ਼ੀ ਚਿਰ ਵਿਚਾਰ ਹੁੰਦਾ ਰਿਹਾ ਕਿ ਗੁਰੂ ਜੀ ਦੀ ਲਾਸ਼ ਤੇ ਸੀਸ ਚਾਂਦਨੀ ਚੌਕ ਵਿੱਚੋਂ ਕਿਵੇਂ ਚੁੱਕੇ ਜਾਣ। ਭਾਈ ਨਾਨੂ ਰਾਏ ਨੇ ਸਲਾਹ ਦਿੱਤੀ ਕਿ ਨਾਇਕ ਲੱਖੀ ਸ਼ਾਹ ਬੰਜਾਰਾ ਤੋਂ ਪੁੱਛਦੇ ਹਾਂ, ਉਸ ਦਾ ਕਾਫ਼ਲਾ ਅੱਜ ਹੀ ਨਾਰਨੌਲ ਤੋਂ ਆਇਆ ਹੈ। ਸੋ ਸਾਰੇ ਸਿੱਖ ਦਿਲਵਾਲੀ ਮੁਹੱਲੇ ਤੋਂ ਚੱਲ ਕੇ ਅੱਗੇ ਪਿੱਛੇ ਜਮਨਾ ਦੇ ਕਿਨਾਰੇ ਲੱਖੀ ਸ਼ਾਹ ਬੰਜਾਰਾ ਜੀ ਦੇ ਡੇਰੇ ਆ ਗਏ। ਇਨ੍ਹਾਂ ਲੱਖੀ ਸ਼ਾਹ ਬੰਜਾਰਾ ਜੀ ਨੂੰ, ਗੁਰੂ ਜੀ ਅਤੇ ਤਿੰਨ ਸਿੱਖਾਂ ਭਾਈ ਦਿਆਲ ਦਾਸ, ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦੀ ਸ਼ਹਾਦਤ ਦਾ ਸਾਰਾ ਬਿਰਤਾਂਤ ਸੁਣਾ ਦਿੱਤਾ।
ਲੱਖੀ ਸ਼ਾਹ ਜੀ ਨੇ ਕਿਹਾ ਕਿ ਮੈਨੂੰ ਗੁਰੂ ਜੀ ਦੀ ਸ਼ਹਾਦਤ ਦਾ ਪਤਾ ਨਹੀਂ ਸੀ, ਮੈਂ ਤਾਂ ਅੱਜ ਹੀ ਨਾਰਨੌਲ ਤੋਂ ਕਲੀ ਚੂਨਾ ਲੈ ਕੇ ਆਇਆ ਹਾਂ। ਇਸ ਦੇ ਨਾਲ ਹੀ ਲੱਖੀ ਸ਼ਾਹ ਬੰਜਾਰਾ ਨੇ ਸਿਰ ਝੁਕਾ ਕੇ ਕਿਹਾ ਕਿ ਆਪ ਜਿਵੇਂ ਕਹੋ, ਮੈਂ ਸੇਵਾ ਕਰਨ ਲਈ ਤਿਆਰ ਹਾਂ।
ਸਲਾਹ ਵਿਚਾਰ ਪਿੱਛੋਂ ਅੱਧੀ ਰਾਤ ਨੂੰ ਲੱਖੀ ਸ਼ਾਹ ਬੰਜਾਰਾ ਦਾ ਕਾਫ਼ਲਾ ਕਿਲੇ ਤੋਂ ਕੋਤਵਾਲੀ ਵੱਲ ਆਇਆ। ਭਾਈ ਨਾਨੂ ਰਾਏ, ਭਾਈ ਆਗਿਆ, ਭਾਈ ਜੈਤਾ ਅਤੇ ਭਾਈ ਊਦਾ ਇਹ ਚਾਰੇ ਸਿੱਖ ਕਾਫ਼ਲੇ ਦੇ ਵਿੱਚੋ ਵਿੱਚ ਚਾਂਦਨੀ ਚੌਕ ਪਹੁੰਚੇ। ਇਨ੍ਹਾਂ ਨੇ ਗੁਰੂ ਜੀ ਦੇ ਸੀਸ ਨੂੰ ਚੁੱਕ ਲਿਆ ਅਤੇ ਦਿਲਵਾਲੀ ਮੁਹੱਲੇ ਭਾਈ ਜੈਤੇ ਦੇ ਗ੍ਰਹਿ ਵਿਖੇ ਜਾ ਟਿਕਾਇਆ।
ਪਿੱਛਿਓਂ ਲੱਖੀ ਸ਼ਾਹ ਬੰਜਾਰਾ ਜੀ ਆਪਣੇ ਬੇਟਿਆਂ ਨਗਾਹੀਆ, ਹੇਮਾ, ਹਾੜੀ ਅਤੇ ਇਕ ਹੋਰ ਸਾਥੀ ਨਾਇਕ ਧੂਮਾ ਬਿੰਜਲਉਤ (ਵਲਜੋਤ) ਦੀ ਸਹਾਇਤਾ ਨਾਲ ਗੁਰੂ ਜੀ ਦੀ ਦੇਹ ਇੱਕ ਬੈਲ ਗੱਡੀ ਉੱਤੇ ਰੱਖ ਕੇ ਚੱਲਦੇ ਬਣੇ। ਕਾਫ਼ਲਾ ਪਿੱਛੇ ਹੌਲੀ ਹੌਲੀ ਆਇਆ।
ਲੱਖੀ ਸ਼ਾਹ ਬੰਜਾਰਾ ਨੇ ਆਪਣੇ ਪਿੰਡ ਰਾਏਸਿਨਾ ਪਹੁੰਚ ਕੇ ਗੁਰੂ ਜੀ ਦੇ ਧੜ ਨੂੰ ਆਪਣੇ ਘਰ ਵਿੱਚ ਰੱਖ ਕੇ ਸਮੁੱਚੇ ਘਰ ਨੂੰ ਅੱਗ ਲਗਾ ਦਿੱਤੀ। ਇੰਝ ਲੱਖੀ ਸ਼ਾਹ ਬੰਜਾਰਾ ਨੇ ਗੁਰੂ ਘਰ ਪ੍ਰਤੀ ਆਪਣੀ ਅਥਾਹ ਸ਼ਰਧਾ ਦਾ ਪ੍ਰੀਚੈ ਦਿੰਦੇ ਹੋਏ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਪੰਨਾ ਜੋੜ ਦਿੱਤਾ।


ਸਾਗਰ, ਮੱਧ ਪ੍ਰਦੇਸ਼ ਵਿੱਚ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਵੱਲੋਂ ਬਣਵਾਈ ਗਈ ਝੀਲ, ਜੋ ਕਿ "ਲਾਖਾ ਬੰਜਾਰਾ ਲੇਕ" ਵਜੋਂ ਮਸ਼ਹੂਰ ਹੈ।

ਬਾਬਾ ਲੱਖੀ ਸ਼ਾਹ ਬੰਜਾਰਾ ਬਾਰੇ ਉਕਤ ਸਾਖੀ ਤਾਂ ਸਿੱਖ ਇਤਿਹਾਸ ਵਿੱਚ ਆਮ ਤੌਰ ਤੇ ਪ੍ਰਚੱਲਤ ਹੈ ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਘੱਟ ਚਾਨਣਾ ਪਾਇਆ ਗਿਆ ਹੈ।
ਭੱਟ ਵਹੀ ਅਟੇਲਾ ਕੈਥਲ ਵਿੱਚੋਂ ਭੱਟ ਹੁਕਮ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦਾ ਜਨਮ ਸਾਵਨ ਵਦੀ ਅਸ਼ਟਮੀ ਬਿਕਰਮੀ ਸੰਮਤ 1637 ਨੂੰ ਹੋਇਆ ਸੀ। ਈਸਵੀ ਸੰਨ ਮੁਤਾਬਕ ਇਹ ਮਿਤੀ 15 ਅਗਸਤ 1580 ਬਣਦੀ ਹੈ। ਬੰਜਾਰਾ ਸਮਾਜ ਦੇ ਉਘੇ ਆਗੂ ਅਮਰ ਸਿੰਘ ਤਿਲਾਵਤ ਜੀ ਦੀ ਖੋਜ ਅਨੁਸਾਰ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦੀ ਜਨਮ ਮਿਤੀ 28 ਮਈ 1570 ਨੂੰ ਪੈਂਦੀ ਹੈ।
ਸਵ. ਗਿਆਨੀ ਗਰਜਾ ਸਿੰਘ ਹਿਸਟੋਰੀਅਨ (ਨਾਮਸੋਤ) ਨੇ ਇਸ ਸੰਬੰਧੀ ਜੋ ਜਾਣਕਾਰੀ ਭੱਟ ਵਹੀਆਂ ਅਤੇ ਪੰਡਾ ਵਹੀਆਂ ਦੀ ਫਰੋਲ਼ਾ ਫਰਾਲੀ ਕਰ ਕੇ ਮੁਹੱਈਆ ਕਰਵਾਈ ਹੈ, ਉਹ ਪਾਠਕਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ।
"ਗੁਰੂ ਕੀਆਂ ਸਾਖੀਆਂ" ਪੁਸਤਕ ਵਿੱਚ ਗਿਆਨੀ ਗਰਜਾ ਸਿੰਘ ਨਾਮਸੋਤ ਨੇ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦੇ ਖ਼ਾਨਦਾਨ ਬਾਰੇ ਚਾਨਣਾ ਪਾਉਂਦੀ ਇੱਕ ਪੈਰ ਟਿੱਪਣੀ ਦਰਜ ਕੀਤੀ ਹੈ, ਜੋ ਇੰਝ ਹੈ:
"ਲਖੀਆ ਬੇਟਾ ਗੋਧੂ ਕਾ, ਨਗਾਹੀਆ, ਹੇਮਾ, ਹਾੜੀ ਬੇਟੇ ਲਖੀਏ ਕੇ ਜਾਦੋ ਬੰਸੀ ਬੜਤੀਏ ਕਨਾਉਤ। ਨਾਇਕ ਧੂਮਾ ਬੇਟਾ ਨਾਨੇ ਕਾ ਤੂਮਰ ਬਿੰਜਲਉਤ। ਗੁਰੂ ਤੇਗ ਬਹਾਦਰ ਜੀ ਮਹਿਲ ਨਾਵਾਂ...ਕੀ ਲਾਸ਼ ਉਠਾਇ ਲਾਏ, ਸਾਲ ਸਤਰਾਂ ਸੈ ਬਤੀਸ ਮੰਗਸਰ ਸੁਦੀ ਛੱਟ ਗੁਰੂਵਾਰ ਕੇ ਦਿਹੁੰ। ਦਾਗ ਦੀਆ ਰਸੀਨਾ ਗਾਮ ਮੇਂ ਆਧ ਘਰੀ ਰੈਨ ਰਹੀ।"
ਉਕਤ ਜਾਣਕਾਰੀ "ਭੱਟ ਵਹੀ ਜਾਦੋ ਬੰਸੀਆਂ ਕੀ" ਦੇ "ਬੜਤੀਏ ਕਨਾਉਂਤੋਂ ਕਾ ਖਾਤਾ" ਵਿੱਚੋਂ ਪ੍ਰਾਪਤ ਕੀਤੀ ਗਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਲੱਖੀ ਸ਼ਾਹ ਜੀ ਗੋਧੂ ਜੀ ਦੇ ਸਪੁੱਤਰ ਸਨ ਅਤੇ ਬੜਤੀਆ ਗੋਤ ਨਾਲ ਸੰਬੰਧਤ ਬਾਜ਼ੀਗਰ ਬੰਜਾਰਾ ਕਬੀਲੇ ਵਿੱਚੋਂ ਸਨ।

"ਭੱਟ ਵਹੀ ਅਟੇਲਾ, ਪਰਗਣਾ ਕੈਥਲ" ਵਿੱਚ ਬਾਬਾ ਲੱਖੀ ਸ਼ਾਹ ਜੀ ਦੇ ਪਰਲੋਕ ਸਿਧਾਰਨ ਬਾਰੇ ਇੰਝ ਵਰਨਣ ਮਿਲਦਾ ਹੈ:
"ਲੱਖੀ ਰਾਇ ਬੇਟਾ ਗੋਧੂ ਕਾ, ਪੋਤਾ ਠਾਕਰ ਦਾਸ ਕਾ, ਬੰਸ ਪੁਰਸ਼ੋਤਮ ਕੀ ਚੰਦ੍ਰਬੰਸੀ ਯਾਦਵ, ਗੋਤ੍ਰ ਬੜਤੀਆ ਕਨਾਉਂਤ, ਸਾਲ ਸਤਰਾਂ ਸੈ ਸੈਂਤੀਆ ਜੇਠ ਸੁਦੀ ਇਕਾਦਸ਼ੀ, ਰਕਾਬ ਗੰਜ ਕੇ ਮਲ੍ਹਾਨ ਦਿੱਲੀ ਨਗਰੀ, ਗਾਮ ਰਸੀਨਾ ਸਵਾ ਪਹਿਰ ਦਿਹੁੰ ਚੜ੍ਹੇ ਪਰਲੋਕ ਪਿਆਨਾ ਕੀਆ।"
ਉਪਰੋਕਤ ਟੂਕ ਤੋਂ ਪਤਾ ਲੱਗਦਾ ਹੈ ਕਿ ਜੇਠ ਸੁਦੀ ਇਕਾਦਸ਼ੀ ਸੰਮਤ 1737 ਨੂੰ ਬਾਬਾ ਲੱਖੀ ਸ਼ਾਹ ਜੀ ਦਾ ਦਿਹਾਂਤ ਹੋਇਆ ਸੀ। ਈਸਵੀ ਸੰਨ ਮੁਤਾਬਕ ਇਹ ਮਿਤੀ 18 ਜੂਨ 1680 ਬਣਦੀ ਹੈ। ਗਿਆਨੀ ਗਰਜਾ ਸਿੰਘ ਹਿਸਟੋਰੀਅਨ (ਨਾਮਸੋਤ) ਵੱਲੋਂ ਸੰਪਾਦਤ ਪੁਸਤਕ "ਸ਼ਹੀਦ ਬਿਲਾਸ" ਦੇ ਪੰਨਾ ਨੰਬਰ 56 ਉਤੇ ਲਿਖਿਆ ਮਿਲਦਾ ਹੈ ਕਿ 30 ਜੇਠ ਸੰਮਤ 1737 (28 ਮਈ 1680) ਨੂੰ ਬਾਬਾ ਲੱਖੀ ਸ਼ਾਹ ਜੀ ਦਾ ਦਿਹਾਂਤ ਹੋਇਆ ਸੀ।
"ਪੰਡਾ ਵਹੀ ਖੇਮ ਚੰਦ ਚੂਨੀ ਲਾਲ ਹਰਿਦੁਆਰ" ਵਿੱਚ ਬਾਬਾ ਲੱਖੀ ਸ਼ਾਹ ਦੇ ਪੁੱਤਰਾਂ ਨਗਾਹੀਆ, ਹੇਮ ਚੰਦ ਅਤੇ ਮਾਤਾ ਕੰਤੋ ਵੱਲੋਂ ਬਾਬਾ ਲੱਖੀ ਸ਼ਾਹ ਜੀ ਦੇ ਫੁੱਲ ਤਾਰਨ ਆਉਣ ਬਾਰੇ ਇੰਝ ਟੂਕ ਮਿਲਦੀ ਹੈ:
"ਨਗਾਹੀਆ, ਹੇਮ ਚੰਦ, ਹਾੜੀ, ਹੀਰਾ, ਪੁੰਡੀਆ, ਬਖ਼ਸ਼ੀ, ਬਾਲਾ, ਜਮਾਹਰ ਬੇਟੇ ਲੱਖੀ ਰਾਇ ਕੇ, ਪੋਤੇ ਗੋਧੂ ਕੇ, ਪੜਪੋਤੇ ਠਾਕਰ ਦਾਸ ਕੇ ਜਾਦਵਬੰਸੀ, ਉਲਾਦ ਪੁਰਸ਼ੋਤਮ ਕੀ, ਬੜਤੀਆ ਕਨਾਉਂਤ, ਸਾਲ ਸਤਰਾਂ ਸੈ ਅਠੱਤੀਆ, ਭਾਦਵ ਮਾਸ ਕੀ ਅਮਾਵਸ ਕੇ ਦਿਹੁੰ ਨਗਾਹੀਆ ਗੰਗਾ ਜੀ ਆਇਆ, ਫੂਲ ਪਿਤਾ ਲੱਖੀ ਰਾਇ ਕੇ ਲੈ ਕੇ, ਸਾਥ ਹੇਮ ਚੰਦ ਆਇਆ, ਸਾਥ ਮਾਤਾ ਕੰਤੋ ਆਈ।"
ਇਸ ਤਰ੍ਹਾਂ "ਪੰਡਾ ਵਹੀ ਖੇਮ ਚੰਦ ਚੂਨੀ ਲਾਲ ਹਰਿਦੁਆਰ" ਤੋਂ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਬਾਬਾ ਲੱਖੀ ਸ਼ਾਹ ਜੀ ਦੇ ਅੱਠ ਪੁੱਤਰ ਸਨ। ਬਾਬਾ ਲੱਖੀ ਸ਼ਾਹ ਜੀ ਦੇ, ਜੇਠ ਸੁਦੀ ਇਕਾਦਸ਼ੀ ਸੰਮਤ 1737 ਬਿਕਰਮੀ ਨੂੰ ਦਿਹਾਂਤ ਤੋਂ ਬਾਅਦ, ਭਾਦੋਂ ਦੀ ਮੱਸਿਆ ਸੰਮਤ 1738 ਵਾਲੇ ਦਿਨ ਹਰਿਦੁਆਰ ਵਿਖੇ ਫੁੱਲ ਤਾਰੇ ਗਏ।

ਇਸੇ ਤਰ੍ਹਾਂ "ਗੁਰੂ ਕੀਆਂ ਸਾਖੀਆਂ" ਪੁਸਤਕ ਵਿੱਚ ਹੀ ਦਰਜ ਇਕ ਟੂਕ ਤੋਂ ਪਤਾ ਲੱਗਦਾ ਹੈ ਕਿ ਬਾਬਾ ਲੱਖੀ ਸ਼ਾਹ ਜੀ ਦੇ ਵੱਡੇ ਪੁੱਤਰ ਨਗਾਹੀਆ ਜੀ ਦੀ ਸ਼ਹੀਦੀ, ਸੰਮਤ ਬਿਕ੍ਰਮੀ 1766 ਦੇ ਵਿਸਾਖ ਪ੍ਰਵਿਸ਼ਟੇ ਨਾਵੀਂ ਵਾਲੇ ਦਿਨ ਗੁਰੂ ਚੱਕ ਕੇ ਵਿਖੇ, ਦੀਵਾਨ ਹਰਿ ਰਾਇ ਪੱਟੀ ਨਾਲ ਲੜਦਿਆਂ ਹੋਈ।
ਇਸੇ ਪੁਸਤਕ ਵਿੱਚੋਂ ਜਾਣਕਾਰੀ ਮਿਲਦੀ ਹੈ ਕਿ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦੇ ਇੱਕ ਹੋਰ ਬੇਟੇ ਜਵਾਹਰ ਸਿੰਘ ਜੀ ਦੀ ਸ਼ਹੀਦੀ 30 ਭਾਦੋਂ 1757 ਸੰਮਤ ਨੂੰ ਫਤੇਗੜ੍ਹ ਅਨੰਦਪੁਰ ਵਿੱਚ ਹੋਈ ਸੀ।

ਗਿਆਨੀ ਗਰਜਾ ਸਿੰਘ (ਨਾਮਸੋਤ) ਸੰਪਾਦਤ ਪੁਸਤਕ "ਸ਼ਹੀਦ ਬਿਲਾਸ" ਵਿੱਚੋਂ ਪਤਾ ਲੱਗਦਾ ਹੈ ਕਿ ਬਾਬਾ ਲੱਖੀ ਸ਼ਾਹ ਜੀ ਦੀ ਬੇਟੀ ਮਾਤਾ ਸੀਤੋ, ਬੰਦ ਬੰਦ ਕਟਵਾਉਣ ਵਾਲੇ ਮਹਾਨ ਸ਼ਹੀਦ ਬਾਬਾ ਮਨੀ ਸਿੰਘ ਨਾਲ ਵਿਆਹੀ ਹੋਈ ਸੀ ਅਤੇ ਉਸ ਸਮੇਂ ਲੱਖੀ ਸ਼ਾਹ ਜੀ ਦਾ ਪਰਿਵਾਰ ਖੈਰਪੁਰ ਸੱਯਦਾਤ, ਜੋ ਮੁਲਤਾਨ ਤੋਂ ਅੱਗੇ 75 ਮੀਲ ਤਹਿਸੀਲ ਅਲੀਪੁਰ, ਜ਼ਿਲਾ ਮੁਜੱਫਰਗੜ੍ਹ ਵਿੱਚ ਹੈ, ਵਿਖੇ ਰਹਿੰਦਾ ਸੀ। ਬਾਬਾ ਲੱਖੀ ਸ਼ਾਹ ਜੀ ਕਿਉਂਕਿ ਬਹੁਤ ਧਨਾਢ ਬੰਜਾਰੇ ਸਨ, ਇਸ ਲਈ ਪੂਰੇ ਭਾਰਤ ਵਿੱਚ ਉਨ੍ਹਾਂ ਦੇ ਰਿਹਾਇਸ਼ੀ ਟਿਕਾਣੇ ਸਨ।
"ਭੱਟ ਵਹੀ ਜਾਦੋ ਬੰਸੀ ਬੜਤੀਆਂ ਕੀ" ਵਿੱਚ ਭੱਟ ਕੇਸੋ ਦੇ ਕਹੇ ਦੋਹੇ ਮਿਲਦੇ ਹਨ, ਜਿਨ੍ਹਾਂ ਵਿੱਚੋਂ ਪਤਾ ਲੱਗਦਾ ਹੈ ਕਿ ਬਾਬਾ ਲੱਖੀ ਸ਼ਾਹ ਜੀ ਦੀ ਧਰਮ ਪਤਨੀ ਦਾ ਨਾਂ ਮਾਤਾ ਪਾਰਾਂ ਦੇਈ ਸੀ ਜੋ ਕਿ ਗ੍ਰਾਂਬਾ ਗੋਤ ਦੇ ਬਾਜ਼ੀਗਰ ਬੰਜਾਰਿਆਂ ਦੀ ਧੀ ਸੀ।

ਇਸ ਤਰ੍ਹਾਂ ਗਿਆਨੀ ਗਰਜਾ ਸਿੰਘ ਹਿਸਟੋਰੀਅਨ (ਨਾਮਸੋਤ) ਵੱਲੋਂ ਮੁਹੱਈਆ ਕਰਵਾਏ ਗਏ ਭੱਟ ਵਹੀਆਂ ਅਤੇ ਪੰਡਾ ਵਹੀਆਂ ਦੇ ਵਡਮੁੱਲੇ ਭੰਡਾਰੇ ਦੀ ਮਦਦ ਨਾਲ ਬਾਬਾ ਲੱਖੀ ਸ਼ਾਹ ਜੀ ਦੀ ਜੀਵਨੀ ਦੇ ਕੁਝ ਪੱਖਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਸ ਹੈ ਹੋਰ ਵਿਦਵਾਨ ਵੀ ਇਤਿਹਾਸ ਦੇ ਨਾਇਕਾਂ ਦੇ ਧੁੰਦਲੇ ਚਿੱਤਰਾਂ ਉਪਰੋਂ ਧੂੜ ਹਟਾਉਣ ਲਈ ਉਪਰਾਲੇ ਕਰਨਗੇ।
Uploaded on May 17, 2017---------------

  Top