Baba Hathiram
Sant Prem Singh
Baba Lakhi Shah
Sham S Muchhaal
Pradeep Manawat
Sandeep Rathod
Main News Page (1)
Jhalkari Bai
DrSuryaDhanavath
Introduction
Freedom Fighter
Guest Book
Mein Bhi Kaain Kehno Chha
Goaar Darpan
Goaar Forum
What Do You Think?
Special Mail
Gor History
Dr. Tanaji Rathod
Pradeep Ramavath-1
Goaar Goshti
Religious Persons
Political Persons
Social Reformers
Organisations
Goaar Chetna
Goaar Ratan
Gypsy-Banjara
Sportsmen
Goaar History
Goaar Writers
Attn: Researchers
About Us
 

ਬਾਜ਼ੀਗਰ ਭਾਈਚਾਰੇ ਦੇ ਉਘੇ ਸਮਾਜ ਸੁਧਾਰਕ ਐਡਵੋਕੇਟ ਸ਼ਾਮ ਸਿੰਘ ਮੁਛਾਲ

ਸ਼ਾਮ ਸਿੰਘ ਜੀ ਇਤਿਹਾਸ ਦੇ ਬਹੁਤ ਵੱਡੇ ਗਿਆਤਾ ਸਨ। ਪੁਰਾਣੇ ਪੰਜਾਬ ਦੇ ਇਤਿਹਾਸ ਦੀਆਂ ਡੂੰਘਾਈਆਂ ਦੀ ਉਨ੍ਹਾਂ ਨੂੰ ਲੋਹੜੇ ਦੀ ਸਮਝ ਸੀ ਜੋ ਕਿ ਆਮ ਆਦਮੀ ਦੀ ਸਮਝ ਤੋਂ ਪਰ੍ਹੇ ਦੀ ਗੱਲ ਹੈ।


ਲੇਖਕ: ਕਮਲ ਧਰਮਸੋਤ
E-mail: kamaldharamsot@gmail.com
Whatsapp: 001-661-535-9044

ਮੇਰੇ ਪਿਆਰੇ ਮਿੱਤਰ ਐਡਵੋਕੇਟ ਸ਼ਾਮ ਸਿੰਘ ਮੁਛਾਲ ਨਹੀਂ ਰਹੇ। ਪਿਛਲੇ ਹਫ਼ਤੇ 29 ਅਪ੍ਰੈਲ 2017 ਨੂੰ ਹਰਟ ਅਟੈਕ ਨਾਲ ਉਨ੍ਹਾਂ ਦੀ ਮੌਤ ਹੋ ਗਈ। ਸ਼ਾਮ ਸਿੰਘ ਜੀ ਮੇਰੇ ਲਈ ਇੱਕ ਦੋਸਤ ਤੋਂ ਵੱਧ ਕੇ ਇਕ ਪੱਥ ਪ੍ਰਦਰਸ਼ਕ ਵਜੋਂ ਮੇਰੀ ਜ਼ਿੰਦਗੀ ਵਿੱਚ ਭੂਮਿਕਾ ਨਿਭਾਉਂਦੇ ਰਹੇ ਹਨ। ਜਦੋਂ ਤੋਂ ਹੋਸ਼ ਸੰਭਾਲੀ ਹੈ, ਉਦੋਂ ਤੋਂ ਹੀ ਉਨ੍ਹਾਂ ਦੇ ਸੰਪਰਕ ਵਿੱਚ ਆ ਗਿਆ।

ਸ਼ਾਮ ਸਿੰਘ ਜੀ ਇਤਿਹਾਸ ਦੇ ਬਹੁਤ ਵੱਡੇ ਗਿਆਤਾ ਸਨ। ਪੁਰਾਣੇ ਪੰਜਾਬ ਦੇ ਇਤਿਹਾਸ ਦੀਆਂ ਡੂੰਘਾਈਆਂ ਦੀ ਉਨ੍ਹਾਂ ਨੂੰ ਲੋਹੜੇ ਦੀ ਸਮਝ ਸੀ ਜੋ ਕਿ ਇਕ ਆਮ ਆਦਮੀ ਦੀ ਸਮਝ ਤੋਂ ਬਹੁਤ ਪਰ੍ਹੇ ਦੀ ਗੱਲ ਹੈ। ਕਈ ਵਾਰ ਉਨ੍ਹਾਂ ਨੂੰ ਮਨਾਉਣ ਦੀ ਬੜੀ ਕੋਸ਼ਿਸ਼ ਕੀਤੀ ਕਿ ਇਤਿਹਾਸ ਦੀਆਂ ਇਨ੍ਹਾਂ ਪਰਤਾਂ ਨੂੰ ਖੋਲ੍ਹਣ ਲਈ ਉਨ੍ਹਾਂ ਨੂੰ ਕਲਮ ਦੀ ਵਰਤੋਂ ਕਰਨੀ ਚਾਹੀਦੀ ਹੈ, ਪਰ ਉਹ ਉਲਟਾ ਮੈਨੂੰ ਪ੍ਰੇਰਦੇ ਕਿ ਤੂੰ ਕਿਉਂ ਨਹੀਂ ਲਿਖਦਾ। ਮੇਰੀਆਂ ਆਪਣੀਆਂ ਮਜਬੂਰੀਆਂ ਸਨ। ਗੱਲ ਕੀ, ਬਹੁਤ ਕੁਝ ਅਜਿਹਾ ਅਣਲਿਖਿਆ ਇਤਿਹਾਸ ਉਨ੍ਹਾਂ ਦੀ ਮੌਤ ਨਾਲ ਉਨ੍ਹਾਂ ਦੇ ਨਾਲ ਹੀ ਚਲਾ ਗਿਆ ਹੈ।


ਐਡਵੋਕੇਟ ਸ਼ਾਮ ਸਿੰਘ ਮੁਛਾਲ ਮਾਲੇਰਕੋਟਲਾ ਦੇ ਬਾਵਾ ਲਾਲ ਜੀ ਦੇ ਮੰਦਰ ਵਿਖੇ ਸਮਾਜ ਸੁਧਾਰ ਸੰਬੰਧੀ ਹੋਈ ਮੀਟਿੰਗ ਮੌਕੇ ਸੰਬੋਧਨ ਕਰਦੇ ਹੋਏ।

ਸ਼ਾਮ ਸਿੰਘ ਮੁਛਾਲ ਜੀ ਦਾ ਜਨਮ ਸੰਨ 1949 ਦੇ ਨਵੰਬਰ ਮਹੀਨੇ ਦੀ 17 ਤਰੀਕ ਨੂੰ ਪਿਤਾ ਸਰਦਾਰ ਨੱਥਾ ਸਿੰਘ ਮੁਛਾਲ ਜੀ ਦੇ ਘਰ ਮਾਤਾ ਹੁਕਮੀ ਦੇਵੀ ਜੀ ਦੀ ਕੁੱਖੋਂ ਹੋਇਆ ਸੀ। ਆਪ ਜੀ ਦੀ ਪਤਨੀ ਦਾ ਨਾਮ ਮਹਿੰਦਰ ਕੌਰ ਹੈ। ਸ਼ਾਮ ਸਿੰਘ ਜੀ ਦੇ ਤਿੰਨ ਬੇਟੇ ਹਨ ਰਣਬੀਰ, ਜਸਬੀਰ, ਅਮਰੀਕ ਅਤੇ ਤਿੰਨ ਬੇਟੀਆਂ। ਸਾਰੇ ਬੱਚੇ ਖ਼ੁਸ਼ੀ ਭਰਿਆ ਵਿਆਹੁਤਾ ਜੀਵਨ ਜੀਅ ਰਹੇ ਹਨ। ਸ਼ਾਮ ਸਿੰਘ ਮੁਛਾਲ ਜੀ ਨੇ ਨੌਕਰੀ ਉਤੇ ਰਹਿੰਦਿਆਂ ਹੀ ਪੰਜਾਬ ਯੂਨੀਵਰਸਿਟੀ ਦੇ ਈਵਨਿੰਗ ਕਾਲਜ ਵਿੱਚੋਂ ਅਪ੍ਰੈਲ 1975 ਵਿੱਚ ਬੀ.ਏ. ਕੀਤੀ ਅਤੇ ਅਪ੍ਰੈਲ 1978 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਵਿਭਾਗ ਤੋਂ ਬੀ.ਏ.,ਐਲ.ਐਲ.ਬੀ. ਦੀ ਡਿਗਰੀ ਪ੍ਰਾਪਤ ਕੀਤੀ। ਚੰਡੀਗੜ੍ਹ ਵਿਖੇ ਪੰਜਾਬ ਦੇ ਸਿਵਲ ਸਕੱਤਰੇਤ ਵਿੱਚੋਂ ਅੰਡਰ ਸੈਕ੍ਰੇਟਰੀ ਦੇ ਅਹੁਦੇ ਤੋਂ 30 ਨਵੰਬਰ 2007 ਨੂੰ ਰਿਟਾਇਰ ਹੋਣ ਤੋਂ ਬਾਅਦ ਸੰਗਰੂਰ ਦੀਆਂ ਕਚਹਿਰੀਆਂ ਵਿੱਚ ਵਕਾਲਤ ਸ਼ੁਰੂ ਕਰ ਦਿੱਤੀ। ਆਪਣੇ ਵਕਾਲਤ ਦੇ ਕਿੱਤੇ ਨੂੰ ਉਨ੍ਹਾਂ ਨੇ ਲੋਕ ਸੇਵਾ ਨੂੰ ਮੁੱਖ ਰੱਖ ਕੇ ਹੀ ਅਪਣਾਇਆ ਸੀ। ਜਦੋਂ ਕਦੇ ਵੀ ਉਨ੍ਹਾਂ ਨਾਲ ਗੱਲ ਹੁੰਦੀ ਸੀ ਤਾਂ ਇੰਝ ਮਹਿਸੂਸ ਹੁੰਦਾ ਸੀ ਜਿਵੇਂ ਉਹ ਵਕਾਲਤ ਦੇ ਕੰਮ ਦਾ ਪੂਰਾ ਆਨੰਦ ਲੈ ਰਹੇ ਹੋਣ। ਹਰੇਕ ਨਵੀਂ ਮੁਲਾਕਾਤ ਉਨ੍ਹਾਂ ਦੇ ਜੀਵਨ ਅਨੁਭਵ ਨੂੰ ਅਮੀਰ ਕਰਦੀ ਲੱਗਦੀ ਸੀ।


ਐਡਵੋਕੇਟ ਸ਼ਾਮ ਸਿੰਘ ਮੁਛਾਲ 15 ਫ਼ਰਵਰੀ 2010 ਨੂੰ ਮੁਹੱਲਾ ਧਰਮਕੋਟ ਫਗਵਾੜਾ ਵਿਖੇ ਸਤਗੁਰੂ ਸੇਵਾਲਾਲ ਜੀ ਮਹਾਰਾਜ ਦੇ 271ਵੇਂ ਪ੍ਰਕਾਸ਼ ਉਤਸਵ ਮੌਕੇ ਦਿੱਲੀ ਦੇ ਡਾ. ਸੂਰਜ ਬੜਤੀਆ ਜੀ ਨੂੰ ਸਨਮਾਨਿਤ ਕਰਦੇ ਹੋਏ। ਨਾਲ ਦਿਖਾਈ ਦੇ ਰਹੇ ਹਨ ਕੌਂਸਲਰ ਦਰਸ਼ਨ ਲਾਲ ਧਰਮਸੋਤ ਅਤੇ ਗਾਇਕ ਲਖਬੀਰ ਲੱਖਾ।

ਹੁਣ ਮੈਂ ਇੱਥੇ ਆਪਣੇ ਮਿੱਤਰ ਅਤੇ ਪੱਥ ਪ੍ਰਦਰਸ਼ਕ ਐਡਵੋਕੇਟ ਸ਼ਾਮ ਸਿੰਘ ਮੁਛਾਲ ਜੀ ਨਾਲ ਸੰਬੰਧਤ ਕੁਝ ਯਾਦਾਂ ਕਲਮਬੱਧ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਕੁਝ ਹੋਰ ਚਾਨਣਾ ਪੈ ਸਕੇ।
ਮੁੱਢਲੀ ਜਾਣ ਪਛਾਣ:
ਸ਼ਾਮ ਸਿੰਘ ਮੁਛਾਲ ਜੀ ਨਾਲ ਮੇਰੀ ਪਹਿਲੀ ਜਾਣ ਪਛਾਣ ਸਰਬ ਭਾਰਤੀ ਬਾਜ਼ੀਗਰ ਭਲਾਈ ਅਤੇ ਸੁਧਾਰ ਸਭਾ ਦੇ ਮੁਹੱਲਾ ਧਰਮਕੋਟ ਫਗਵਾੜਾ ਵਿਖੇ 1978 ਵਿੱਚ ਕਰਵਾਏ ਗਏ ਕੌਮੀ ਸੰਮੇਲਨ ਸਮੇਂ ਹੋਈ। ਉਸ ਵੇਲੇ ਮੈਂ ਨੌਵੀਂ ਜਮਾਤ ਦਾ ਵਿਦਿਆਰਥੀ ਸਾਂ। ਮੇਰੇ ਪਿਤਾ ਜੀ ਸ਼੍ਰੀ ਕਰਤਾਰ ਚੰਦ ਧਰਮਸੋਤ ਵੀ ਸਮਾਜ ਭਲਾਈ ਦੇ ਕੰਮਾਂ ਵਿੱਚ ਬਹੁਤ ਰੁਚੀ ਲੈਂਦੇ ਹਨ। ਉਸ ਵੇਲੇ ਮੇਰੇ ਪਿਤਾ ਜੀ ਸਰਬ ਭਾਰਤੀ ਬਾਜ਼ੀਗਰ ਭਲਾਈ ਅਤੇ ਸੁਧਾਰ ਸਭਾ ਦੀ ਕੌਮੀ ਕਮੇਟੀ ਦੇ ਮੈਂਬਰ ਸਨ। ਉਨ੍ਹਾਂ ਵੱਲੋਂ ਕੀਤੇ ਗਏ ਉੱਦਮ ਸਦਕਾ ਇਹ ਸੰਮੇਲਨ ਸਾਡੇ ਮੁਹੱਲੇ ਵਿੱਚ ਕਰਵਾਇਆ ਗਿਆ ਸੀ। ਇਸ ਸੰਮੇਲਨ ਦੌਰਾਨ ਹੋਰਨਾਂ ਦੇ ਨਾਲ ਨਾਲ ਸ਼ਾਮ ਸਿੰਘ ਮੁਛਾਲ ਜੀ ਦੇ ਵਿਚਾਰਾਂ ਨੂੰ ਸੁਣਨ ਦਾ ਮੌਕਾ ਮਿਲਿਆ। ਮੇਰਾ ਬਾਲ ਮਨ ਉਨ੍ਹਾਂ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ।

ਸਮਾਜ ਸੇਵਾ ਦੀ ਗੁੜਤੀ ਤਾਂ ਮੈਨੂੰ ਬਚਪਨ ਤੋਂ ਹੀ ਮਿਲੀ ਹੋਈ ਸੀ। ਮੇਰੇ ਦਾਦਾ ਜੀ ਸਵ. ਸ਼੍ਰੀ ਬੂਟਾ ਰਾਮ ਧਰਮਸੋਤ ਜੀ ਇਲਾਕੇ ਦੇ ਸਮਾਜ ਸੇਵਾ ਦੇ ਕੰਮਾਂ ਵਿੱਚ ਮੋਹਰੀ ਦੀ ਭੂਮਿਕਾ ਨਿਭਾਉਂਦੇ ਸਨ ਪਰ ਸ਼ਾਮ ਸਿੰਘ ਮੁਛਾਲ ਜੀ ਦੇ ਵਿਚਾਰਾਂ ਨੇ ਮੇਰੇ ਇਸ ਜਨੂਨ ਨੂੰ ਇਕ ਨਵੀਂ ਦਿਸ਼ਾ ਦੇ ਦਿੱਤੀ। ਅਸਲ ਵਿੱਚ ਜੇ ਦੇਖਿਆ ਜਾਵੇ ਤਾਂ ਸਰਬ ਭਾਰਤੀ ਬਾਜ਼ੀਗਰ ਭਲਾਈ ਅਤੇ ਸੁਧਾਰ ਸਭਾ, ਬਾਜ਼ੀਗਰ ਕਬੀਲੇ ਦੀ ਪਹਿਲੀ ਜਥੇਬੰਦਕ ਲਹਿਰ ਸੀ ਜਿਸ ਨੇ ਕਬੀਲੇ ਦੇ ਲੋਕਾਂ ਵਿੱਚ ਨਵੀਂ ਚੇਤਨਾ ਦਾ ਸੰਚਾਰ ਕੀਤਾ ਸੀ। ਇੱਥੇ ਮੈਂ ਬਹੁਤ ਅਨਿਆਂ ਕਰ ਰਿਹਾ ਹੋਵਾਂਗਾ ਜੇ ਇਸ ਲਹਿਰ ਦੇ ਦੂਜੇ ਕਰਣਧਾਰਾਂ ਦਾ ਜ਼ਿਕਰ ਨਾ ਕਰਾਂ। ਇਸ ਲਹਿਰ ਦੇ ਉਸਰੱਈਏ ਕਹਾਉਣ ਦਾ ਮਾਣ ਮੈਂ ਦੇ ਸਕਦਾ ਹਾਂ ਸਰਵ ਸ਼੍ਰੀ ਸੁੰਦਰ ਲਾਲ ਮੁਛਾਲ (ਸਵਰਗੀ), ਬਲਬੀਰ ਸਿੰਘ ਘਮਰੌਦਾ (ਸਵਰਗੀ), ਹਰਬੰਸ ਲਾਲਕਾ, ਜੋਗਿੰਦਰ ਨਰਸੋਤ, ਦਰਸ਼ਨ ਸਿੰਘ ਲੇਹਲ, ਜਗੀਰ ਘਮਰੌਦਾ, ਚਰਨਾ ਰਾਮ ਲਾਲਕਾ ਅਤੇ ਹੋਰ ਕਈ। ਇਸ ਸੰਮੇਲਨ ਤੋਂ ਬਾਅਦ ਮੇਰੀ ਸਮਾਜ ਸੇਵਾ ਦੀ ਸੋਚ ਹੋਰ ਤਿੱਖੀ ਹੋਈ, ਜਿਸ ਦਾ ਸਿਹਰਾ ਮੈਂ ਸ਼ਾਮ ਸਿੰਘ ਮੁਛਾਲ ਨੂੰ ਦੇ ਸਕਦਾ ਹਾਂ।


ਮੁਹੱਲਾ ਧਰਮਕੋਟ ਫਗਵਾੜਾ ਵਿਖੇ 26 ਜੂਨ 2016 ਨੂੰ ਹੋਏ ਗੋਰ (ਗੋਆਰ) ਸੰਮੇਲਨ ਪੰਜਾਬ ਵਿੱਚ ਆਪਣੇ ਵਡਮੁੱਲੇ ਵਿਚਾਰ ਪ੍ਰਗਟਾਉਂਦੇ ਹੋਏ ਐਡਵੋਕੇਟ ਸ਼ਾਮ ਸਿੰਘ ਮੁਛਾਲ। ਇਹ ਸੰਮੇਲਨ ਗੋਰ ਸਿਕਵਾੜੀ ਦੇ ਫੁੱਲ ਟਾਈਮ ਪ੍ਰਚਾਰਕ ਸ਼੍ਰੀ ਅਰੁਣ ਦਿਗਾਂਬਰ ਚਵਾਨ ਅਤੇ ਬੰਜਾਰਾ ਟਾਈਮਜ਼ ਡਾਟ ਕਾਮ (ਆਨਲਾਈਨ ਮੈਗਜ਼ੀਨ) ਦੇ ਸੰਪਾਦਕ ਕਮਲ ਧਰਮਸੋਤ ਦੇ ਯਤਨਾਂ ਸਦਕਾ ਕਰਵਾਇਆ ਗਿਆ ਸੀ।


ਕੈਥਲ ਹਰਿਆਣਾ ਵਿਖੇ ਮਾਂ ਕਾਲੀ ਦੇ ਮੰਦਰ ਵਿਖੇ ਅਪ੍ਰੈਲ 2016 ਵਿੱਚ ਹੋਏ ਨਰਾਤਿਆਂ ਦੇ ਮੇਲੇ ਦਾ ਆਨੰਦ ਮਾਣਦੇ ਹੋਏ ਐਡਵੋਕੇਟ ਸ਼ਾਮ ਸਿੰਘ ਮੁਛਾਲ, ਗੋਰ ਸਿਕਵਾੜੀ ਦੇ ਫੁੱਲ ਟਾਈਮ ਪ੍ਰਚਾਰਕ ਸ਼੍ਰੀ ਅਰੁਣ ਦਿਗਾਂਬਰ ਚਵਾਨ ਅਤੇ ਬੰਜਾਰਾ ਟਾਈਮਜ਼ ਡਾਟ ਕਾਮ (ਆਨਲਾਈਨ ਮੈਗਜ਼ੀਨ) ਦੇ ਸੰਪਾਦਕ ਕਮਲ ਧਰਮਸੋਤ।


ਐਡਵੋਕੇਟ ਸ਼ਾਮ ਸਿੰਘ ਮੁਛਾਲ 15 ਫ਼ਰਵਰੀ 2010 ਨੂੰ ਮੁਹੱਲਾ ਧਰਮਕੋਟ ਫਗਵਾੜਾ ਵਿਖੇ ਸਤਗੁਰੂ ਸੇਵਾਲਾਲ ਜੀ ਮਹਾਰਾਜ ਦੇ 271ਵੇਂ ਪ੍ਰਕਾਸ਼ ਉਤਸਵ ਮੌਕੇ ਨਾਭਾ ਦੇ ਹਰਬੰਸ ਲਾਲਕਾ ਜੀ ਨੂੰ ਸਨਮਾਨਿਤ ਕਰਦੇ ਹੋਏ। ਨਾਲ ਦਿਖਾਈ ਦੇ ਰਹੇ ਹਨ ਸੁਨੀਲ ਖੰਨਾ, ਜੱਗਾ ਰਾਮ ਧਰਮਸੋਤ, ਧਰਮ ਚੰਦ ਮੁਛਾਲ ਅਤੇ ਸੁੱਚਾ ਸਿੰਘ ਧਰਮਸੋਤ।

ਬਾਜ਼ੀਗਰ ਚੇਤਨਾ: ਪੜ੍ਹਾਈ ਸਮਾਪਤ ਕਰਨ ਤੋਂ ਬਾਅਦ ਮੈਂ ਜਗ ਬਾਣੀ ਅਖ਼ਬਾਰ ਵਿੱਚ ਜਲੰਧਰ ਨੌਕਰੀ ਕਰ ਲਈ। ਇਹ 1986 ਦਾ ਸਾਲ ਸੀ। ਨੌਕਰੀ ਕਰਦੇ ਹੀ ਇਹ ਸਮਾਜ ਸੇਵਾ ਦਾ ਪਹਿਲੂ ਮੇਰੇ ਦਿਮਾਗ ਉੱਤੇ ਹਾਵੀ ਹੋ ਗਿਆ ਅਤੇ ਮੈਂ "ਬਾਜ਼ੀਗਰ ਚੇਤਨਾ" ਮਹੀਨਾਵਾਰ ਅਖਬਾਰ ਦਾ ਪ੍ਰਕਾਸ਼ਨ ਆਰੰਭ ਦਿੱਤਾ। ਅਖਬਾਰ ਨੂੰ ਲੋੜੀਂਦਾ ਆਰਥਿਕ ਸਹਿਯੋਗ ਨਾ ਮਿਲਣ ਕਰਕੇ ਕੁਝ ਸਮੇਂ ਬਾਅਦ ਮੈਨੂੰ ਬਾਜ਼ੀਗਰ ਚੇਤਨਾ ਬੰਦ ਕਰਨਾ ਪਿਆ। ਹੱਲਾਸ਼ੇਰੀ ਦੀ ਜਗ੍ਹਾ ਆਲੋਚਨਾ ਜ਼ਿਆਦਾ ਪੱਲੇ ਪਈ। ਮਨ ਟੁੱਟ ਜਿਹਾ ਗਿਆ।

ਅਜਿਹੇ ਸਮੇਂ ਦੌਰਾਨ ਹੀ ਇਕ ਵਿਆਹ ਦੇ ਮੌਕੇ ਸ਼ਾਮ ਸਿੰਘ ਮੁਛਾਲ ਜੀ ਦੇ ਪਿੰਡ ਬਡਰੁੱਖਾਂ ਜਾਣ ਦਾ ਮੌਕਾ ਮਿਲਿਆ। ਸ਼ਾਮ ਸਿੰਘ ਮੁਛਾਲ ਜੀ ਦੇ ਨਿਵਾਸ ਵਿਖੇ ਉਨ੍ਹਾਂ ਨਾਲ ਮੇਰਾ ਤੁਆਰਫ਼ ਬਲਬੀਰ ਸਿੰਘ ਘਮਰੌਦਾ ਜੀ ਨੇ ਕਰਵਾਇਆ। ਸ਼ਾਮ ਸਿੰਘ ਮੁਛਾਲ ਜੀ ਮੇਰੇ ਬਾਰੇ ਭੁੱਲ ਚੁੱਕੇ ਸਨ। ਫ਼ਗਵਾੜਾ ਦੇ ਬਾਜ਼ੀਗਰ ਸੰਮੇਲਨ ਤੋਂ ਬਾਅਦ ਕਦੇ ਮੁਲਾਕਾਤ ਨਹੀਂ ਸੀ ਹੋਈ। ਬਲਬੀਰ ਸਿੰਘ ਘਮਰੌਦਾ ਜੀ ਨੇ ਸ਼ਾਮ ਸਿੰਘ ਜੀ ਨੂੰ ਮੇਰੇ ਬਾਰੇ ਦੱਸਿਆ ਕਿ "ਬਾਜ਼ੀਗਰ ਚੇਤਨਾ" ਮੈਗਜ਼ੀਨ ਇਸ ਮੁੰਡੇ ਨੇ ਹੀ ਪ੍ਰਕਾਸ਼ਤ ਕੀਤਾ ਸੀ ਤਾਂ ਇਹ ਸੁਣ ਕੇ ਸ਼ਾਮ ਸਿੰਘ ਜੀ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਿਹਾ। ਉਨ੍ਹਾਂ ਨੇ ਮੈਨੂੰ ਗਲ਼ਵੱਕੜੀ ਵਿੱਚ ਲੈ ਲਿਆ। ਕਹਿਣ ਲੱਗੇ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਇੰਨੀ ਛੋਟੀ ਉਮਰੇ ਤੂੰ ਇੱਡਾ ਵੱਡਾ ਕੰਮ ਕਰ ਦਿਖਾਇਆ ਹੈ। ਫਿਰ ਕਹਿਣ ਲੱਗੇ ਕਿ "ਕਦੇ ਕਦੇ ਮੈਂ ਸੋਚਦਾ ਸੀ ਕਿ ਇਹ ਕਿਹੜਾ ਬੰਦਾ ਹੋ ਸਕਦਾ ਹੈ ਜਿਸ ਨੇ ਏਡਾ ਵੱਡਾ ਕੰਮ ਕਰ ਦਿਖਾਇਆ। ਮਨ ਵਿੱਚ ਕਰਤਾਰ ਚੰਦ ਦੇ ਮੁੰਡੇ ਬਾਰੇ ਸੋਚਦਾ ਸੀ ਕਿ ਕਿਤੇ ਉਹ ਨਾ ਹੋਵੇ ਜਿਸ ਨੇ ਬਾਜ਼ੀਗਰ ਸੰਮੇਲਨ ਵਿੱਚ ਪੜ੍ਹਨ ਲਈ ਭਾਸ਼ਣ ਲਿਖ ਕੇ ਲਿਆਂਦਾ ਸੀ। ਫਿਰ ਮਨ ਵਿੱਚ ਇਹ ਵਿਚਾਰ ਆਉਂਦਾ ਕਿ ਉਸਦੀ ਉਮਰ ਤਾਂ ਬਹੁਤ ਛੋਟੀ ਹੋਵੇਗੀ, ਉਹ ਨਹੀਂ ਹੋ ਸਕਦਾ। ਇਹ ਕੰਮ ਤਾਂ ਕਿਸੇ ਵੱਡੀ ਉਮਰ ਦੇ ਬੰਦੇ ਦਾ ਹੀ ਹੋ ਸਕਦਾ ਹੈ। ਪਰ ਅੱਜ ਤੈਨੂੰ ਦੇਖ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ।"

ਸ਼ਾਮ ਸਿੰਘ ਮੁਛਾਲ ਜੀ ਦੇ ਇਨ੍ਹਾਂ ਸ਼ਬਦਾਂ ਨੇ ਮੇਰੇ ਢੱਠੇ ਹੋਏ ਉਤਸ਼ਾਹ ਨੂੰ ਮੁੜ ਜੀਵੰਤ ਕਰ ਦਿੱਤਾ। ਮੈਂ ਮੁੜ ਸਮਾਜ ਸੇਵਾ ਦੇ ਕਾਰਜ ਵਿੱਚ ਪੂਰੇ ਉਤਸ਼ਾਹ ਨਾਲ ਡੱਟ ਗਿਆ। ਇਸ ਮੁਲਾਕਾਤ ਤੋਂ ਬਾਅਦ ਸ਼ਾਮ ਸਿੰਘ ਮੁਛਾਲ ਜੀ ਨਾਲ ਮੇਰੀ ਜਾਣ ਪਛਾਣ ਗੂੜ੍ਹੀ ਦੋਸਤੀ ਵਿੱਚ ਬਦਲ ਗਈ।


23 ਸਤੰਬਰ 2014 ਨੂੰ ਬਾਬਾ ਬੂਟਾ ਰਾਮ ਧਰਮਸੋਤ ਜੀ ਦੀ 17ਵੀਂ ਬਰਸੀ ਮੌਕੇ ਐਡਵੋਕੇਟ ਸ਼ਾਮ ਸਿੰਘ ਮੁਛਾਲ ਜੀ ਨੂੰ ਸਨਮਾਨਿਤ ਕਰਦੇ ਹੋਏ ਸਾਧੂ ਸਿੰਘ ਧਰਮਸੋਤ (ਮੌਜੂਦਾ ਕੈਬਨਿਟ ਮੰਤਰੀ ਪੰਜਾਬ), ਕਮਲ ਧਰਮਸੋਤ, ਅਸ਼ੋਕ ਧਰਮਸੋਤ ਅਤੇ ਹੋਰ।


2008 ਵਿਚ ਮਾਤਾ ਨੂਰਾਂ ਰਾਣੀ ਧਰਮਸੋਤ ਜੀ ਦੀ ਅੰਤਿਮ ਅਰਦਾਸ ਸਮੇਂ ਐਡਵੋਕੇਟ ਸ਼ਾਮ ਸਿੰਘ ਮੁਛਾਲ ਜੀ, ਸਾਧੂ ਸਿੰਘ ਧਰਮਸੋਤ (ਮੌਜੂਦਾ ਕੈਬਨਿਟ ਮੰਤਰੀ ਪੰਜਾਬ), ਕਮਲ ਧਰਮਸੋਤ ਅਤੇ ਹਰਬੰਸ ਲਾਲਕਾ।

ਗੋਆਰ ਕੌਂਸਲ ਆਫ ਇੰਡੀਆ: ਸ਼ਾਮ ਸਿੰਘ ਮੁਛਾਲ ਜੀ ਕਦੇ ਟਿਕ ਕੇ ਨਹੀਂ ਬਹਿੰਦੇ ਸਨ। ਸਮਾਜ ਸੇਵਾ ਦਾ ਕੋਈ ਨਾ ਕੋਈ ਕੰਮ ਹਮੇਸ਼ਾ ਵਿੱਢੀ ਰੱਖਦੇ ਸਨ। ਹਰਬੰਸ ਲਾਲਕਾ ਜੀ ਅਤੇ ਬਲਬੀਰ ਸਿੰਘ ਘਮਰੌਦਾ ਹੁਰਾਂ ਨਾਲ ਸਲਾਹ ਕਰ ਕੇ 1990 ਵਿੱਚ ਇਕ ਮੀਟਿੰਗ ਵਿੱਚ ਗੋਆਰ ਕੌਂਸਲ ਆਫ ਇੰਡੀਆ ਦਾ ਗਠਨ ਕਰ ਦਿੱਤਾ ਗਿਆ। ਜਿਸ ਦਾ ਕੌਮੀ ਕਨਵੀਨਰ ਹਰਬੰਸ ਲਾਲਕਾ ਅਤੇ ਪੰਜਾਬ ਦਾ ਕਨਵੀਨਰ ਮੈਨੂੰ ਬਣਾ ਦਿੱਤਾ ਗਿਆ। ਗੋਆਰ ਨਾਮ ਨਾਲ ਸਮਾਜ ਨੂੰ ਇਕੱਠਾ ਕਰਨ ਦਾ ਮੂਲ ਵਿਚਾਰ ਸ਼ਾਮ ਸਿੰਘ ਜੀ ਹੁਰਾਂ ਦਾ ਹੀ ਸੀ।

ਇੱਥੇ ਮੈਂ ਗੋਆਰ ਸ਼ਬਦ ਬਾਰੇ ਥੋੜਾ ਜਿਹਾ ਦੱਸਣਾ ਚਾਹੁੰਦਾ ਹਾਂ। ਬਾਜ਼ੀਗਰ ਨਾਮ ਇਸ ਕਬੀਲੇ ਦੇ ਲੋਕਾਂ ਵੱਲੋਂ ਬਾਜ਼ੀ ਪਾਉਣ ਕਰ ਕੇ ਪਿਆ ਹੈ। ਬਾਜ਼ੀਗਰ ਕਬੀਲੇ ਦੇ ਲੋਕ ਖ਼ੁਦ ਨੂੰ ਗੋਆਰ ਕਹਿੰਦੇ ਹਨ। ਮਤਲਬ ਇਹ ਕਿ ਬਾਜ਼ੀਗਰ ਨਾਮ ਲੋਕਾਂ ਵੱਲੋਂ ਦਿੱਤਾ ਗਿਆ ਨਾਮ ਹੈ। ਗੋਆਰ ਸ਼ਬਦ ਵੀ ਗੋਰ ਸ਼ਬਦ ਦਾ ਵਿਗੜਿਆ ਹੋਇਆ ਰੂਪ ਹੈ। ਦਿੱਲੀ ਤੋਂ ਪੰਜਾਬ ਵੱਲ ਦਾ ਇਲਾਕਾ ਗੋਆਰ ਸ਼ਬਦ ਵਰਤਦਾ ਹੈ ਜਦਕਿ ਦਿੱਲੀ ਤੋਂ ਪਰੇ ਦੱਖਣੀ ਭਾਰਤ ਤੱਕ ਗੋਰ ਸ਼ਬਦ ਵਰਤਿਆ ਜਾਂਦਾ ਹੈ। ਬੰਜਾਰਾ, ਗਵਾਰੀਆ, ਲੰਬਾੜੀ, ਲੰਬਾੜਾ, ਲਬਾਣਾ, ਲਮਾਣ, ਲਮਾਨੀ, ਸਿਰਕੀਬੰਦ ਅਤੇ ਹੋਰ 36 ਦੇ ਕਰੀਬ ਵੱਖ ਵੱਖ ਕਬੀਲਿਆਂ ਦੇ ਲੋਕ ਆਪਣੇ ਆਪ ਨੂੰ ਗੋਰ ਕਹਾਉਣ ਵਿੱਚ ਮਾਣ ਮਹਿਸੂਸ ਕਰਦੇ ਹਨ। ਜਿਨ੍ਹਾਂ ਦੀਆਂ ਗੋਤਾਂ, ਬੋਲੀ, ਪਹਿਰਾਵਾ ਅਤੇ ਰੀਤੀ ਰਿਵਾਜ ਲਗਭਗ ਇੱਕੋ ਜਿਹੇ ਹਨ।

ਸ਼ਾਮ ਸਿੰਘ ਮੁਛਾਲ ਜੀ ਵੱਲੋਂ ਗੋਆਰ ਨਾਮ ਨਾਲ ਲੋਕਾਂ ਨੂੰ ਜਥੇਬੰਦ ਕਰਨ ਪਿੱਛੇ ਮੂਲ ਕਾਰਣ ਇਹੀ ਸੀ ਕਿ ਬਾਜ਼ੀਗਰ ਕਬੀਲੇ ਦੇ ਲੋਕਾਂ ਨੂੰ ਜਾਗ੍ਰਿਤ ਕੀਤਾ ਜਾ ਸਕੇ ਕਿ ਬਾਜ਼ੀਗਰ ਇਕੱਲੇ ਨਹੀਂ ਨਹੀਂ ਹਨ ਸਗੋਂ ਉਨ੍ਹਾਂ ਦੇ ਭਾਈਚਾਰੇ ਦੇ ਲੋਕ ਬਹੁਤ ਵੱਡੀ ਗਿਣਤੀ ਵਿੱਚ ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚ ਵੱਖ ਵੱਖ ਨਾਵਾਂ ਨਾਲ ਜਾਣੇ ਜਾਂਦੇ ਹਨ।

ਬਾਜ਼ੀਗਰ ਭਾਈਚਾਰੇ ਵਿੱਚ ਇਸ ਸੰਸਥਾ ਦਾ ਪ੍ਰਚਾਰ ਕਰਨ ਲਈ ਬਹੁਤ ਜੱਦੋ-ਜਹਿਦ ਕਰਨੀ ਪਈ। ਪੜ੍ਹੇ ਲਿਖੇ ਸੱਜਣ ਗੋਆਰ ਸ਼ਬਦ ਨੂੰ ਗੰਵਾਰ ਸਮਝ ਕੇ ਬਹਿਸ ਕਰਨ ਲੱਗ ਜਾਂਦੇ ਸਨ। ਇਨ੍ਹਾਂ ਮੀਟਿੰਗਾਂ ਵਿੱਚ ਮੁੱਖ ਭਾਸ਼ਣ ਸ਼ਾਮ ਸਿੰਘ ਮੁਛਾਲ ਜੀ ਦਾ ਹੀ ਹੁੰਦਾ ਸੀ। ਸ਼ਾਮ ਸਿੰਘ ਮੁਛਾਲ ਜੀ ਦੇ ਭਾਸ਼ਣ ਤੋਂ ਬਾਅਦ ਕਿੰਤੂ ਪ੍ਰੰਤੂ ਕਰਨ ਵਾਲੇ ਸੱਜਣ ਚੁੱਪ-ਚਾਪ ਬੈਠ ਜਾਂਦੇ ਸਨ।


2008 ਵਿਚ ਮੁਹੱਲਾ ਧਰਮਕੋਟ ਫਗਵਾੜਾ ਵਿਖੇ ਗੋਆਰ ਚੇਤਨਾ ਵਿਸ਼ੇ ਉਤੇ ਹੋਈ ਗੋਸ਼ਟੀ ਸਮੇਂ ਐਡਵੋਕੇਟ ਸ਼ਾਮ ਸਿੰਘ ਮੁਛਾਲ ਜੀ, ਸਾਧੂ ਸਿੰਘ ਧਰਮਸੋਤ (ਮੌਜੂਦਾ ਕੈਬਨਿਟ ਮੰਤਰੀ ਪੰਜਾਬ), ਪੀਟਰ ਧਰਮਸੋਤ ਅਤੇ ਐਡਵੋਕੇਟ ਇੰਦਰ ਸਿੰਘ ਵਲਜੋਤ।


ਐਡਵੋਕੇਟ ਸ਼ਾਮ ਸਿੰਘ ਮੁਛਾਲ 15 ਫ਼ਰਵਰੀ 2016 ਨੂੰ ਸੇਵਾਗੜ ਵਿਖੇ ਸਤਗੁਰੂ ਸੇਵਾਲਾਲ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਮੌਕੇ। ਨਾਲ ਦਿਖਾਈ ਦੇ ਰਹੇ ਹਨ ਆਲ ਇੰਡੀਆ ਬੰਜਾਰਾ ਸੇਵਾ ਸੰਘ ਦੇ ਅਹੁਦੇਦਾਰ ਬੀ. ਕੇ. ਨਾਇਕ ਅਤੇ ਮੰਦਰ ਦੀ ਪਰਬੰਧਕ ਕਮੇਟੀ ਦੇ ਪਰਧਾਨ।


ਐਡਵੋਕੇਟ ਸ਼ਾਮ ਸਿੰਘ ਮੁਛਾਲ 15 ਫ਼ਰਵਰੀ 2016 ਨੂੰ ਸੇਵਾਗੜ ਵਿਖੇ ਸਤਗੁਰੂ ਸੇਵਾਲਾਲ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਮੌਕੇ। ਨਾਲ ਦਿਖਾਈ ਦੇ ਰਹੇ ਹਨ ਹਰੀਲਾਲ ਜੀ ਨਾਇਕ ਅਤੇ ਕਮਲ ਧਰਮਸੋਤ।

ਆਲ ਇੰਡੀਆ ਬਾਜ਼ੀਗਰ ਬੰਜਾਰਾ ਸਭਾ: ਸ਼ਾਮ ਸਿੰਘ ਮੁਛਾਲ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਦੇ ਕੱਟੜ ਸਮਰਥਕ ਰਹੇ ਹਨ। ਅਮਲੋਹ ਤੋਂ ਸਾਧੂ ਸਿੰਘ ਧਰਮਸੋਤ ਦੇ 1992 ਵਿੱਚ ਪਹਿਲੀ ਵਾਰ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਬਣਨ ਤੋਂ ਬਾਅਦ ਸ਼ਾਮ ਸਿੰਘ ਮੁਛਾਲ ਨੇ ਇਹ ਮਹਿਸੂਸ ਕੀਤਾ ਕਿ ਕਾਂਗਰਸ ਨਾਲ ਜੁੜੇ ਬਾਜ਼ੀਗਰ ਕਬੀਲੇ ਦੇ ਲੋਕਾਂ ਨੂੰ ਇਕ ਝੰਡੇ ਥੱਲੇ ਇਕੱਤਰ ਕੀਤਾ ਜਾਵੇ। ਇਸ ਮਕਸਦ ਲਈ ਸ਼ਾਮ ਸਿੰਘ ਮੁਛਾਲ ਜੀ ਨੇ ਆਲ ਇੰਡੀਆ ਬਾਜ਼ੀਗਰ ਬੰਜਾਰਾ ਸਭਾ ਦਾ ਗਠਨ ਕੀਤਾ ਅਤੇ ਇਸ ਦੀ ਕਮਾਨ ਸਾਧੂ ਸਿੰਘ ਧਰਮਸੋਤ ਜੀ ਦੇ ਹੱਥਾਂ ਵਿੱਚ ਸੌਂਪ ਦਿੱਤੀ।

ਸਾਧੂ ਸਿੰਘ ਧਰਮਸੋਤ ਜੀ ਦੀ ਅਗਵਾਈ ਵਿੱਚ ਇਹ ਇਕ ਬਹੁਤ ਮਜ਼ਬੂਤ ਸੰਗਠਨ ਬਣ ਚੁੱਕਾ ਹੈ। ਸਾਧੂ ਸਿੰਘ ਧਰਮਸੋਤ ਵੱਲੋਂ ਬਾਜ਼ੀਗਰ ਭਾਈਚਾਰੇ ਦਾ ਸ਼ਕਤੀ ਪ੍ਰਦਰਸ਼ਨ ਕਰਨ ਲਈ 1995 ਅਤੇ 2004 ਵਿੱਚ ਕੀਤੀਆਂ ਗਈਆਂ ਪਟਿਆਲਾ ਵਿਚਲੀਆਂ ਰੈਲੀਆਂ ਨਾਲ ਆਲ ਇੰਡੀਆ ਬਾਜ਼ੀਗਰ ਬੰਜਾਰਾ ਸਭਾ ਆਪਣਾ ਨਾਮ ਇਤਿਹਾਸ ਦੇ ਸੁਨਹਿਰੀ ਪੰਨਿਆਂ ਉੱਤੇ ਲਿਖਵਾ ਚੁੱਕੀ ਹੈ। ਅਮਰੀਕਾ ਦੇ ਵਿੱਚ ਵੀ ਇਸ ਸੰਗਠਨ ਦੀ ਇਕਾਈ ਕਾਮਯਾਬੀ ਨਾਲ ਕੰਮ ਕਰ ਰਹੀ ਹੈ। ਆਲ ਇੰਡੀਆ ਬਾਜ਼ੀਗਰ ਬੰਜਾਰਾ ਸਭਾ ਦੀ ਇਹ ਕਾਮਯਾਬੀ ਐਡਵੋਕੇਟ ਸ਼ਾਮ ਮੁਛਾਲ ਜੀ ਦੀ ਦੂਰ-ਦਰਸ਼ੀ ਨੀਤੀ ਦਾ ਨਤੀਜਾ ਕਹੀ ਜਾ ਸਕਦੀ ਹੈ।


ਐਡਵੋਕੇਟ ਸ਼ਾਮ ਸਿੰਘ ਮੁਛਾਲ 15 ਫ਼ਰਵਰੀ 2009 ਨੂੰ ਮੁਹੱਲਾ ਧਰਮਕੋਟ ਫਗਵਾੜਾ ਵਿਖੇ ਸਤਗੁਰੂ ਸੇਵਾਲਾਲ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਮੌਕੇ ਸੰਬੋਧਨ ਕਰਦੇ ਹੋਏ।


ਐਡਵੋਕੇਟ ਸ਼ਾਮ ਸਿੰਘ ਮੁਛਾਲ 15 ਫ਼ਰਵਰੀ 2016 ਨੂੰ ਸੇਵਾਗੜ ਵਿਖੇ ਸਤਗੁਰੂ ਸੇਵਾਲਾਲ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਮੌਕੇ। ਨਾਲ ਦਿਖਾਈ ਦੇ ਰਹੇ ਹਨ ਰਾਠੌੜ ਸਾਹਿਬ।


ਅਪ੍ਰੈਲ 2016 ਵਿਚ ਕਾਲੀ ਮਾਤਾ ਦੇ ਮੰਦਰ ਕੈਥਲ ਹਰਿਆਣਾ ਵਿਖੇ ਐਡਵੋਕੇਟ ਸ਼ਾਮ ਸਿੰਘ ਮੁਛਾਲ  ਅਤੇ ਗੋਰ ਸਿਕਵਾੜੀ ਦੇ ਫੁੱਲ ਟਾਈਮ ਪ੍ਰਚਾਰਕ ਅਰੁਣ ਦਿਗਾਂਬਰ ਚਵਾਨ।

ਬੰਜਾਰਾ ਟਾਈਮਜ਼ ਡਾਟ ਕਾਮ: 1998 ਵਿੱਚ ਮੈਂ ਅਮਰੀਕਾ ਚਲੇ ਗਿਆ ਤਾਂ ਮਹੀਨੇ ਦੋ ਮਹੀਨੇ ਬਾਅਦ ਮੈਂ ਉਨ੍ਹਾਂ ਨੂੰ ਕਾਲ ਕਰਕੇ ਇੰਡੀਆ ਵਿੱਚ ਚੱਲ ਰਹੀਆਂ ਸਰਗਰਮੀਆਂ ਦੀ ਜਾਣਕਾਰੀ ਲੈ ਲੈਂਦਾ ਸੀ। ਸ਼ਾਮ ਸਿੰਘ ਜੀ ਬਿਨਾਂ ਕਿਸੇ ਲੱਗ-ਲਬੇੜ ਦੇ ਇੰਡੀਆ ਖ਼ਾਸ ਕਰਕੇ ਪੰਜਾਬ ਵਿੱਚ ਕੀ ਚੱਲ ਰਿਹਾ ਹੈ, ਬਾਰੇ ਮੈਨੂੰ ਆਪਣੀ ਰਾਏ ਦੱਸਦੇ। ਸਮੇਂ ਸਮੇਂ ਉੱਠਦੇ ਰਹੇ ਕਈ ਗੁੰਝਲਦਾਰ ਮਸਲੇ ਚਾਹੇ ਉਹ ਰਾਜਨੀਤਕ ਹੋਣ ਜਾਂ ਸਮਾਜਿਕ, ਬਾਰੇ ਕੀਤੀ ਗਈ ਉਨ੍ਹਾਂ ਦੀ ਟਿੱਪਣੀ ਬੜੀ ਸਟੀਕ ਸਾਬਤ ਹੁੰਦੀ।

ਅਮਰੀਕਾ ਵਿੱਚ ਕੁਝ ਸਾਲ ਬਿਤਾਉਣ ਤੋਂ ਬਾਅਦ ਸਮਾਜ ਸੇਵਾ ਰਾਹੀਂ ਆਪਣੇ ਲੋਕਾਂ ਨਾਲ ਜੁੜਨ ਦੀ ਤਾਂਘ ਪ੍ਰਬਲ ਹੋ ਕੇ ਸਤਾਉਣ ਲੱਗ ਪਈ। ਸ਼ਾਮ ਸਿੰਘ ਜੀ ਅੱਗੇ ਮੈਂ ਆਪਣੀ ਇੱਛਾ ਜ਼ਾਹਰ ਕੀਤੀ ਤਾਂ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਉਨ੍ਹਾਂ ਨੇ ਵੈੱਬਸਾਈਟ ਦੇ ਜ਼ਰੀਏ ਸਮਾਜ ਦੇ ਨਾਲ ਜੁੜਨ ਦੀ ਸਲਾਹ ਦਿੱਤੀ। ਉਨ੍ਹਾਂ ਦਾ ਇਹ ਮੰਨਣਾ ਸੀ ਕਿ ਆਉਣ ਵਾਲਾ ਯੁਗ ਇੰਟਰਨੈੱਟ ਦਾ ਯੁੱਗ ਹੈ, ਕਿਉਂ ਨਾ ਆਪਣੇ ਸਮਾਜ ਨਾਲ ਜੁੜਨ ਲਈ ਇਸ ਮਾਧਿਅਮ ਦੀ ਮਦਦ ਲਈ ਜਾਵੇ। ਉਨ੍ਹਾਂ ਦੀ ਇਹ ਸਲਾਹ ਮੰਨ ਕੇ ਮੈਂ ਬੰਜਾਰਾ ਟਾਈਮਜ਼ ਡਾਟ ਕਾਮ ਦੀ ਸ਼ੁਰੂਆਤ ਕੀਤੀ ਜਿਸਦੇ ਮਾਧਿਅਮ ਰਾਹੀਂ ਅਸੀਂ ਆਪਣੀ ਗੱਲ ਦੇਸ਼ ਵਿਦੇਸ਼ ਵਿੱਚ ਵੱਸਦੇ ਆਪਣੇ ਭਾਈਚਾਰੇ ਤੀਕ ਪਹੁੰਚਾਉਣ ਵਿੱਚ ਕਾਮਯਾਬ ਰਹੇ।

ਬੰਜਾਰਾ ਟਾਈਮਜ਼ ਵੈੱਬਸਾਈਟ ਦੀਆਂ ਪ੍ਰਾਪਤੀਆਂ ਜਾਂ ਸਰਗਰਮੀਆਂ ਬਾਰੇ ਮੈਂ ਨਿਰੰਤਰ ਉਨ੍ਹਾਂ ਦੇ ਸੰਪਰਕ ਵਿੱਚ ਰਹਿੰਦਾ ਸੀ। ਨਿੱਕੀ ਤੋਂ ਨਿੱਕੀ ਗੱਲ ਬਾਰੇ ਉਨ੍ਹਾਂ ਦੀ ਸਲਾਹ ਬਹੁਤ ਮਹੱਤਵਪੂਰਨ ਸਾਬਤ ਹੁੰਦੀ ਸੀ। ਜਦੋਂ ਕਦੇ ਵੀ ਲੇਟ ਨਾਈਟ ਮੈਂ ਉਨ੍ਹਾਂ ਨੂੰ ਫ਼ੋਨ ਕਰਦਾ ਸੀ ਤਾਂ ਉਨ੍ਹਾਂ ਨੇ ਹਰ ਵਾਰੀ ਖਿੜੇ ਮੱਥੇ ਰਿਪਲਾਈ ਕਰਨਾ। ਜੇ ਕਦੇ ਕੁਝ ਦਿਨ ਮੈਂ ਫ਼ੋਨ ਨਹੀਂ ਕਰ ਪਾਉਂਦਾ ਸੀ ਤਾਂ ਉਹ ਇੰਡੀਆ ਤੋਂ ਫ਼ੋਨ ਘੁਮਾ ਦਿੰਦੇ। ਤੱਤਸਾਰ ਇਹ ਕਿ ਇੰਡੀਆ ਤੋਂ ਅਮਰੀਕਾ ਤੱਕ ਦਾ ਫ਼ਾਸਲਾ ਵੀ ਸਾਨੂੰ ਇੱਕ ਦੂਜੇ ਤੋਂ ਦੂਰ ਨਹੀਂ ਕਰ ਸਕਿਆ। ਇੱਕ ਵੱਖਰੀ ਤਰ੍ਹਾਂ ਦਾ ਨਿੱਘ ਉਨ੍ਹਾਂ ਨੂੰ ਮਿਲ ਕੇ ਜਾਂ ਫ਼ੋਨ ਰਾਹੀਂ ਗੱਲ ਕਰ ਕੇ ਮਹਿਸੂਸ ਹੁੰਦਾ ਸੀ।


15 ਫ਼ਰਵਰੀ 2016 ਨੂੰ ਸੇਵਾਗੜ ਵਿਖੇ ਸਤਗੁਰੂ ਸੇਵਾਲਾਲ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਮੌਕੇ ਮੰਦਰ ਵਿੱਚ ਦਰਸ਼ਨ ਕਰਦੇ ਹੋਏ ਐਡਵੋਕੇਟ ਸ਼ਾਮ ਸਿੰਘ ਮੁਛਾਲ ਅਤੇ ਕਮਲ ਧਰਮਸੋਤ।


14 ਫ਼ਰਵਰੀ 2016 ਦੀ ਸ਼ਾਮ ਨੂੰ ਸੇਵਾਗੜ ਵਿਖੇ ਸਤਗੁਰੂ ਸੇਵਾਲਾਲ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਮੌਕੇ ਹੋਏ ਧਾਰਮਿਕ ਸਮਾਗਮ ਸਮੇਂ ਪਰਬੰਧਕ ਫੁੱਲਾਂ ਦੇ ਬੁੱਕੇ ਦੇ ਕੇ ਐਡਵੋਕੇਟ ਸ਼ਾਮ ਸਿੰਘ ਮੁਛਾਲ ਅਤੇ ਕਮਲ ਧਰਮਸੋਤ ਦਾ ਸਵਾਗਤ ਕਰਦੇ ਹੋਏ।


ਐਡਵੋਕੇਟ ਸ਼ਾਮ ਸਿੰਘ ਮੁਛਾਲ 15 ਫ਼ਰਵਰੀ 2016 ਨੂੰ ਸੇਵਾਗੜ ਵਿਖੇ ਸਤਗੁਰੂ ਸੇਵਾਲਾਲ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਮੌਕੇ। ਨਾਲ ਦਿਖਾਈ ਦੇ ਰਹੇ ਹਨ ਕਮਲ ਧਰਮਸੋਤ।

ਸੇਵਾਗੜ੍ਹ ਦਰਸ਼ਨ: ਗੋਆਰ ਸਮਾਜ ਦੇ ਮਹਾਨ ਸੰਤ ਸਤਗੁਰੂ ਸੇਵਾਲਾਲ ਜੀ ਮਹਾਰਾਜ ਦੇ ਸਮਾਧੀ ਸਥਾਨ ਦੇ ਦਰਸ਼ਨ ਤਾਂ ਮੈਂ 2011 ਵਿੱਚ ਹੀ ਆਪਣੇ ਵੱਡੇ ਬੇਟੇ ਰਿਤੇਸ਼ ਨੂੰ ਨਾਲ ਲੈ ਕੇ ਕਰ ਆਇਆ ਸੀ। ਹੁਣ ਸਤਗੁਰੂ ਸੇਵਾਲਾਲ ਜੀ ਮਹਾਰਾਜ ਦੇ ਜਨਮ ਸਥਾਨ ਸੇਵਾਗੜ੍ਹ ਦੇ ਦਰਸ਼ਨ ਕਰਨ ਦੀ ਇੱਛਾ ਮਨ ਵਿੱਚ ਸੀ। ਪਰ ਹਰੇਕ ਸਾਲ ਕੋਈ ਨਾ ਕੋਈ ਅੜਚਨ ਪੈ ਜਾਂਦੀ ਅਤੇ ਸੇਵਾਗੜ੍ਹ ਜਾਣ ਦੀ ਇੱਛਾ ਮਨ ਵਿੱਚ ਹੀ ਰਹਿ ਜਾਂਦੀ।

ਸੰਨ 2016 ਦੀ ਫ਼ਰਵਰੀ ਵਿੱਚ ਪੱਕਾ ਪ੍ਰੋਗਰਾਮ ਬਣਾ ਕੇ ਅਮਰੀਕਾ ਤੋਂ ਸ਼ਾਮ ਸਿੰਘ ਜੀ ਨੂੰ ਕਾਲ ਕਰ ਦਿੱਤੀ ਕਿ ਤਿਆਰੀ ਕੱਸ ਲਓ, ਇਸ ਵਾਰ 15 ਫ਼ਰਵਰੀ ਨੂੰ ਜ਼ਰੂਰ ਸੇਵਾਗੜ੍ਹ ਦਰਸ਼ਨ ਕਰਨ ਜਾਣਾ ਹੈ। 15 ਫ਼ਰਵਰੀ ਨੂੰ ਸਤਗੁਰੂ ਸੇਵਾਲਾਲ ਜੀ ਮਹਾਰਾਜ ਦਾ ਜਨਮ ਦਿਹਾੜਾ ਹੁੰਦਾ ਹੈ। ਸੇਵਾਗੜ੍ਹ ਅਸਥਾਨ (ਗੁੱਤੀ ਬੇਲਾਰੀ) ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦੇ ਬਾਰਡਰ ਉੱਪਰ ਪੈਂਦਾ ਹੈ। ਕਾਫ਼ੀ ਲੰਬਾ ਸਫਰ ਸੀ ਰੇਲ ਗੱਡੀ ਰਾਹੀਂ। ਮੇਰੀ ਜ਼ਿੰਦਗੀ ਦਾ ਇਹ ਇਕ ਬਹੁਤ ਹੀ ਯਾਦਗਾਰੀ ਅਤੇ ਰੌਚਕ ਸਫਰ ਸੀ। ਜਿੰਨਾ ਚਾਅ ਮੈਨੂੰ ਆਪਣੀ ਚਿਰਾਂ ਤੋਂ ਲਟਕਦੀ ਤਾਂਘ ਪੂਰੀ ਕਰਨ ਦਾ ਸੀ, ਉਸ ਤੋਂ ਵੱਧ ਖ਼ੁਸ਼ੀ ਸ਼ਾਮ ਸਿੰਘ ਜੀ ਵਰਗੇ ਗੁਣੀ ਬੰਦੇ ਦੀਆਂ ਗੂੜ੍ਹ ਗਿਆਨ ਭਰਪੂਰ ਗੱਲਾਂ ਸੁਣਨ ਦੀ ਸੀ।

ਸ਼ਾਮ ਸਿੰਘ ਜੀ ਇਸ ਸਫਰ ਦੇ ਹਰ ਲਮਹੇ ਨੂੰ ਮਾਣ ਰਹੇ ਸਨ। ਸ਼ਾਮ ਸਿੰਘ ਜੀ ਦਾ ਇਹ ਰੂਪ ਮੈਂ ਪਹਿਲੀ ਵਾਰ ਦੇਖ ਰਿਹਾ ਸੀ। ਅੱਜ ਇਹ ਕਹਾਵਤ ਮੈਂ ਅੱਖੀਂ ਸੱਚ ਹੁੰਦੀ ਦੇਖ ਰਿਹਾ ਸੀ ਕਿ ਬੰਦਾ ਚਾਹੇ ਕਿੰਨਾ ਵੀ ਪੜ੍ਹ ਲਿਖ ਕਿਉਂ ਨਾ ਜਾਵੇ ਪਰ ਉਹ ਸਾਰੀ ਉਮਰ ਇਕ ਵਿਦਿਆਰਥੀ ਹੀ ਰਹਿੰਦਾ ਹੈ। ਸ਼ਾਮ ਸਿੰਘ ਜੀ ਕੋਈ ਵੀ ਅਜਿਹਾ ਮੌਕਾ ਨਹੀਂ ਖੁੰਝਾਉਣਾ ਚਾਹੁੰਦੇ ਸਨ ਜਿਸ ਤੋਂ ਉਨ੍ਹਾਂ ਨੂੰ ਨਵੀਂ ਜਾਣਕਾਰੀ ਮਿਲਦੀ ਹੋਵੇ। ਸਾਡੇ ਦੋਵਾਂ ਲਈ ਨਵੇਂ ਨਵੇਂ ਲੋਕਾਂ ਨੂੰ ਮਿਲਣ ਦਾ ਇਹ ਇਕ ਸੁਨਹਿਰੀ ਮੌਕਾ ਸੀ, ਜਿਸ ਦਾ ਅਸੀਂ ਭਰਪੂਰ ਲਾਭ ਉਠਾਇਆ।


ਮੇਰੇ ਮਾਤਾ ਜੀ ਸ਼੍ਰੀਮਤੀ ਨੂਰਾਂ ਰਾਣੀ ਧਰਮਸੋਤ (ਧਰਮ ਪਤਨੀ ਸ਼੍ਰੀ ਕਰਤਾਰ ਚੰਦ ਧਰਮਸੋਤ) ਦੀ ਅੰਤਿਮ ਅਰਦਾਸ ਸਮੇਂ 2008 ਵਿੱਚ ਐਡਵੋਕੇਟ ਸ਼ਾਮ ਸਿੰਘ ਮੁਛਾਲ ਜੀ ਦੇ ਨਾਲ ਸੀਨੀਅਰ ਪੱਤਰਕਾਰ ਹਰਪ੍ਰੀਤ ਸਿੰਘ ਲੇਹਲ ਅਤੇ ਕਮਲ ਧਰਮਸੋਤ।

ਸਮਾਜ ਦੇ ਸੱਚੇ ਵਕੀਲ: ਉਘੇ ਪੱਤਰਕਾਰ ਹਰਪ੍ਰੀਤ ਸਿੰਘ ਲੇਹਲ ਹੁਰਾਂ ਨੇ ਸ਼ਾਮ ਸਿੰਘ ਮੁਛਾਲ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਆਖਿਆ ਕਿ "ਅੱਜ ਦੇ ਬੇਰੁਜ਼ਗਾਰੀ ਵਿੱਚ ਭਟਕਦੇ ਨੌਜਵਾਨਾਂ ਲਈ ਸ. ਸ਼ਾਮ ਸਿੰਘ ਮੁਛਾਲ ਇਕ ਉਦਾਹਰਨ ਹਨ, ਜਿਨ੍ਹਾਂ ਜ਼ਿੰਦਗੀ ਵਿੱਚ ਰੋਜ਼ੀ-ਰੋਟੀ ਦਾ ਸੰਘਰਸ਼ ਕਰਦਿਆਂ ਉਚ ਵਿੱਦਿਆ ਅਤੇ ਵਧੀਆ ਨੌਕਰੀ ਦੇ ਨਾਲ-ਨਾਲ ਸਮਾਜ ਦੇ ਹੱਕਾਂ ਲਈ ਹਰ ਕੁਰਬਾਨੀ ਕਰ ਕੇ ਵੱਡਾ ਸੰਘਰਸ਼ ਕੀਤਾ।" ਉਨ੍ਹਾਂ ਨੇ ਸਮਾਜ ਅੱਗੇ ਸਵਾਲ ਖੜ੍ਹਾ ਕੀਤਾ ਕਿ ਸ਼ਾਮ ਸਿੰਘ ਮੁਛਾਲ ਜੀ ਦੇ ਵਿਛੋੜਾ ਦੇ ਜਾਣ ਤੋਂ ਬਾਅਦ ਬਿਖਰੀ ਹੋਈ ਕੌਮ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਅਤੇ ਵਕਾਲਤ ਕੌਣ ਕਰੇਗਾ? ਹਰਪ੍ਰੀਤ ਸਿੰਘ ਲੇਹਲ (ਵਲਜੋਤ, ਰੁਪਾਣਾ) ਅੱਜ ਦੀ ਆਵਾਜ਼ ਰੋਜ਼ਾਨਾ ਅਖਬਾਰ ਵਿੱਚ ਸੀਨੀਅਰ ਐਡੀਟਰ ਵਜੋਂ ਕੰਮ ਕਰਦੇ ਹਨ। ਉਹ ਵੀ ਸ਼ਾਮ ਸਿੰਘ ਮੁਛਾਲ ਜੀ ਦੀ ਇਕ ਸਮਾਜ ਸੁਧਾਰਕ ਵਜੋਂ ਕਾਰਜਸ਼ੈਲੀ ਦਾ ਲੋਹਾ ਮੰਨਦੇ ਹਨ।

ਐਡਵੋਕੇਟ ਸ਼ਾਮ ਸਿੰਘ ਮੁਛਾਲ ਜੀ ਦੇ ਵਿਛੋੜਾ ਦੇ ਜਾਣ ਤੋਂ ਬਾਅਦ ਸਮਾਜ ਦੇ ਅੱਗੇ ਸਵਾਲ

ਕੌਣ ਕਰੇਗਾ ਬਿਖਰੀ ਹੋਈ ਕੌਮ ਦੇ ਹੱਕਾਂ ਦੀ ਰਾਖੀ ਲਈ ਸੰਜੀਦਾ ਸੰਘਰਸ਼ ਤੇ ਵਕਾਲਤ?

Updated on May 9, 2017-------------

  Top